ਲੇਖ

ਰੂਹ ਦੀ ਗੱਲ | ਅਕੀਦਤ

ਹਰਭਜਨ ਬਾਜਵਾ ਨਹੀਂ ਰਹੇ।

AD

16 Sept 2026 · 3 min read

ਰੂਹ ਦੀ ਗੱਲ | ਅਕੀਦਤ · NawiDunia photo desk

ਇਹ ਵਾਕ ਲਿਖਦਿਆਂ ਲੱਗਦਾ ਹੈ ਜਿਵੇਂ ਕਿਸੇ ਨੇ ਪੰਜਾਬੀ ਸਾਹਿਤ ਦੀ ਤਸਵੀਰ ਵਿਚੋਂ ਰੌਸ਼ਨੀ ਦੀ ਇੱਕ ਲਕੀਰ ਮਿਟਾ ਦਿੱਤੀ ਹੋਵੇ।

ਬਾਜਵਾ ਸਿਰਫ਼ ਫ਼ੋਟੋਗ੍ਰਾਫ਼ਰ ਨਹੀਂ ਸਨ।

ਉਹ ਵਕਤ ਦੀ ਨਬਜ਼ ਨੂੰ ਅੱਖ ਨਾਲ ਟੋਹਣ ਵਾਲੇ ਬੰਦੇ ਸਨ।

ਜਿੱਥੇ ਅਸੀਂ ਚਿਹਰਾ ਵੇਖਦੇ ਹਾ, ਉੱਥੇ ਉਹ ਚਿਹਰੇ ਦੇ ਪਿੱਛੇ ਲੁਕਿਆ ਮਨੁੱਖ ਵੇਖ ਲੈਂਦੇ ਸਨ।

ਜਿੱਥੇ ਅਸੀਂ ਇੱਕ ਪਲ ਲੰਘਦਾ ਦੇਖਦੇ ਹਾਂ, ਉਹ ਉਸ ਪਲ ਨੂੰ ਰੋਕ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਵਾਲੇ ਕਰ ਦਿੰਦੇ ਸਨ।

ਕੈਮਰਾ ਉਨ੍ਹਾਂ ਦੇ ਹੱਥ ਵਿੱਚ ਸੀ,

ਪਰ ਤਸਵੀਰ ਉਨ੍ਹਾਂ ਦੇ ਅੰਦਰ ਬਣਦੀ ਸੀ।

ਸ਼ਾਇਦ ਇਸੇ ਲਈ ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਵਿੱਚ ਸਿਰਫ਼ ਲੋਕ ਨਹੀਂ-ਇੱਕ ਸਮਾਂ ਬੋਲਦਾ ਹੈ। ਪੰਜਾਬੀ ਸਾਹਿਤ ਦੀਆਂ ਇੱਕ ਨਹੀਂ, ਚਾਰ ਪੀੜ੍ਹੀਆਂ, ਉਨ੍ਹਾਂ ਦੇ ਚਿਹਰੇ, ਉਨ੍ਹਾਂ ਦੀਆਂ ਅੱਖਾਂ, ਉਨ੍ਹਾਂ ਦੇ ਠਹਾਕੇ, ਉਨ੍ਹਾਂ ਦੀਆਂ ਚੁੱਪਾਂ... ਸਭ ਕੁਝ।

ਪਰ ਉਨ੍ਹਾਂ ਦੀ ਇਸ ਸਾਰੀ ਕਮਾਈ ਨੂੰ ਇੱਕ ਵਾਰ ਪਾਣੀ ਨਿਗਲ ਗਿਆ ਸੀ।

ਪੰਜਾਬ ਵਿੱਚ ਆਏ 1988 ਦੇ ਹੜ੍ਹਾਂ ਨੇ ਹਰਭਜਨ ਸਿੰਘ ਬਾਜਵਾ ਦੀ ਜ਼ਿੰਦਗੀ ਭਰ ਦੀ ਸਾਹਿਤਕ ਕਮਾਈ ਵਹਾ ਦਿੱਤੀ। ਸੈਂਕੜੇ ਅਜਿਹੀਆਂ ਇਤਿਹਾਸਕ ਸਾਹਿਤਕ ਤਸਵੀਰਾਂ, ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਦਾ ਇੱਕ ਪੂਰਾ ਦੌਰ ਸਾਹ ਲੈਂਦਾ ਸੀ, ਹੜ੍ਹ ਦਾ ਪਾਣੀ ਆਪਣੇ ਨਾਲ਼ ਲੈ ਗਿਆ।

ਇੱਕ ਲੋਕ-ਫ਼ੋਟੋਗ੍ਰਾਫ਼ਰ ਲਈ ਇਸ ਤੋਂ ਵੱਡੀ ਤਬਾਹੀ ਹੋਰ ਕੀ ਹੋ ਸਕਦੀ ਹੈ?

ਜਿਹੜਾ ਬੰਦਾ ਸਾਰੀ ਉਮਰ ਦੂਜਿਆਂ ਦੇ ਪਲ ਬਚਾਉਂਦਾ ਰਿਹਾ ਹੋਵੇ, ਉਸ ਦੇ ਆਪਣੇ ਬਚਾਏ ਹੋਏ ਪਲ ਹੀ ਪਾਣੀ ਲੈ ਜਾਵੇ।

ਪਰ ਬਾਜਵਾ ਟੁੱਟੇ ਨਹੀਂ।

ਉਹ ਡੋਲੇ ਨਹੀਂ।

ਉਨ੍ਹਾਂ ਨੇ ਮਾਤਮ ਵਿੱਚ ਬੈਠ ਕੇ ਬੀਤੇ ਨੂੰ ਕੋਸਣ ਦੀ ਥਾਂ ਸਿਫ਼ਰ ਤੋਂ ਮੁੜ ਸ਼ੁਰੂ ਕੀਤਾ।

ਜਿੱਥੇ ਸਭ ਕੁਝ ਖ਼ਤਮ ਹੋ ਗਿਆ ਸੀ, ਉੱਥੋਂ ਉਨ੍ਹਾਂ ਨੇ ਫਿਰ ਇੱਕ ਨਵੀਂ ਤਸਵੀਰ ਬਣਾਉਣੀ ਸ਼ੁਰੂ ਕੀਤੀ। ਹੌਲ਼ੀ-ਹੌਲ਼ੀ। ਫਿਰ ਉਹੀ ਅੱਖ, ਉਹੀ ਧੀਰਜ, ਉਹੀ ਲਗਨ। ਅਤੇ ਇੱਕ ਦਿਨ ਉਹ ਮੁੜ ਸਿਖਰ ’ਤੇ ਸਨ।

ਕੁਝ ਲੋਕਾਂ ਦੀ ਅਸਲ ਪਛਾਣ ਉਨ੍ਹਾਂ ਦੀ ਕਮਾਈ ਵਿੱਚ ਨਹੀਂ ਹੁੰਦੀ। ਉਹ ਇਸ ਗੱਲ ਵਿੱਚ ਹੁੰਦੀ ਹੈ ਕਿ ਸਭ ਕੁਝ ਗੁਆ ਕੇ ਉਹ ਮੁੜ ਕੀ ਕਮਾ ਸਕਦੇ ਹਨ।

ਬਾਜਵਾ ਨੇ ਇਹ ਕਰਕੇ ਦਿਖਾਇਆ।

ਇਸ ਬੰਦੇ ਦੇ ਅੰਦਰ ਇੱਕ ਕਵੀ ਵੀ ਵੱਸਦਾ ਸੀ।

‘ਮੌਤ ਇੱਕ ਆਸ ਦੀ’-ਇਹ ਸਿਰਲੇਖ ਪੜ੍ਹ ਕੇ ਹੀ ਲੱਗਦਾ ਹੈ ਕਿ ਬਾਜਵਾ ਮੌਤ ਤੋਂ ਡਰਨ ਵਾਲਾ ਨਹੀਂ, ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜੀਵਨ ਨੂੰ ਸਮਝਣ ਵਾਲਾ ਬੰਦਾ ਸੀ।

‘ਤਰੇਲ ਦੀ ਇੱਕ ਬੂੰਦ’ ਵਾਂਗ ਉਸ ਨੇ ਸ਼ਾਇਦ ਜੀਵਨ ਨੂੰ ਜਾਣਿਆ-

ਥੋੜ੍ਹਾ, ਛਿਣ-ਭੰਗਰ, ਚਮਕਦਾ ਹੋਇਆ…

ਪਰ ਆਪਣੇ ਅੰਦਰ ਪੂਰਾ ਅਸਮਾਨ ਸਮੋਈ ਬੈਠਾ।

ਸੋਭਾ ਸਿੰਘ ਕੋਲੋਂ ਚਿੱਤਰਕਾਰੀ ਸਿੱਖਣ ਵਾਲੇ ਇਸ ਕਲਾਕਾਰ ਨੇ ਬਾਅਦ ਵਿੱਚ ਕੈਮਰੇ ਨਾਲ ਜੋ ਕੁਝ ਰਚਿਆ, ਉਹ ਸਿਰਫ਼ ਫ਼ੋਟੋਗ੍ਰਾਫ਼ੀ ਨਹੀਂ ਸੀ।

ਉਹ ਸਾਡੀਆਂ ਸਾਹਿਤਕ ਅਤੇ ਸੱਭਿਆਚਾਰਕ ਸਿਮ੍ਰਿਤੀਆਂ ਦੀ ਸੰਭਾਲ ਸੀ।

ਅੱਜ ਬਾਜਵਾ ਸਾਡੇ ਵਿਚਕਾਰ ਨਹੀਂ।

ਪਰ ਜਿਹੜਾ ਬੰਦਾ ਦੂਜਿਆਂ ਦੇ ਪਲਾਂ ਨੂੰ ਸਮੇਂ ਦੀ ਧੂੜ ਤੋਂ ਬਚਾ ਕੇ ਰੱਖਦਾ ਰਿਹਾ,

ਉਸ ਨੂੰ ਸਮਾਂ ਕਿਵੇਂ ਭੁਲਾ ਸਕੇਗਾ?

ਉਨ੍ਹਾਂ ਦੀਆਂ ਤਸਵੀਰਾਂ ਬੋਲਦੀਆਂ ਰਹਿਣਗੀਆਂ।

ਉਨ੍ਹਾਂ ਦੀ ਕਵਿਤਾ ਸਾਹ ਲੈਂਦੀ ਰਹੇਗੀ।

ਅਤੇ ਕਿਸੇ ਪੁਰਾਣੀ ਤਸਵੀਰ ਨੂੰ ਵੇਖਦਿਆਂ, ਕਿਸੇ ਪੁਰਾਣੀ ਕਿਤਾਬ ਦਾ ਸਫ਼ਾ ਪਲਟਦਿਆਂ,

ਅਸੀਂ ਬਾਜਵਾ ਦੀ ਅੱਖ ਵਿੱਚੋਂ ਆਪਣਾ ਹੀ ਬੀਤਿਆ ਸਮਾਂ ਵੇਖਦੇ ਰਹਾਂਗੇ।

ਮੌਤ ਨੇ ਬੰਦੇ ਨੂੰ ਸਾਡੇ ਕੋਲੋਂ ਲੈ ਲਿਆ ਹੈ,

ਪਰ ਕਲਾਕਾਰ ਨੂੰ ਨਹੀਂ।

ਕਲਾਕਾਰ ਅਜੇ ਵੀ ਉੱਥੇ ਹੈ-

ਕਿਸੇ ਤਸਵੀਰ ਦੀ ਰੌਸ਼ਨੀ ਵਿੱਚ,

ਕਿਸੇ ਕਵਿਤਾ ਦੀ ਉਦਾਸੀ ਵਿੱਚ,

ਕਿਸੇ ਮੁਹੱਬਤ ਦੀ ਖ਼ੁਮਾਰੀ ਵਿੱਚ।

ਹਰਭਜਨ ਬਾਜਵਾ ਨੂੰ ਅਕੀਦਤ।

ਰੂਹ ਨੂੰ ਸਲਾਮ।

ਨਿਗਾਹ ਨੂੰ ਸਲਾਮ।

ਉਸ ਕਲਾ ਨੂੰ ਸਲਾਮ

ਜਿਸ ਨੇ ਲੰਘਦੇ ਪਲਾਂ ਨੂੰ

ਸਾਡੇ ਲਈ ਜਿਉਂਦਾ ਕਰ ਦਿੱਤਾ।

-ਸੁਸ਼ੀਲ ਦੁਸਾਂਝ

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia