ਸੰਪਾਦਕੀ

ਗੁਰੂ ਘਰਾਂ ਦਾ ਪ੍ਰਬੰਧ: ਸੇਵਾ ਜਾਂ ਸਵਾਰਥ?

24 Nov 2026 · 2 ਮਿੰਟ ਦਾ ਪਾਠ

ਸੰਪਾਦਕੀ | ਨਵੀਂ ਦੁਨੀਆ

ਸੰਪਾਦਕੀ | ਨਵੀਂ ਦੁਨੀਆ

ਗੁਰੂ ਘਰਾਂ ਦਾ ਪ੍ਰਬੰਧ: ਸੇਵਾ ਜਾਂ ਸਵਾਰਥ? 

ਕੈਨੇਡਾ ਦੇ ਹੈਮਿਲਟਨ ਸ਼ਹਿਰ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਵਿੱਚ ਦੋ ਧਿਰਾਂ ਵਿਚਾਲੇ ਹੋਈ ਹੱਥੋਪਾਈ ਦੀਆਂ ਤਸਵੀਰਾਂ ਸਿਰਫ਼ ਇੱਕ ਗੁਰਦੁਆਰੇ ਦੇ ਪ੍ਰਬੰਧਕੀ ਵਿਵਾਦ ਦੀ ਕਹਾਣੀ ਨਹੀਂ ਹਨ। ਇਹ ਸਾਡੇ ਸਮਾਜ ਵਿੱਚ ਵਧ ਰਹੇ ਉਸ ਵਿਗਾੜ ਨੂੰ ਸਾਹਮਣੇ ਲਿਆਉਂਦੀਆਂ ਹਨ ਜਿਸ ਵਿੱਚ ਸੇਵਾ ਦੇ ਨਾਂ ’ਤੇ ਅਹੁਦਿਆਂ ਦੀ ਲਾਲਸਾ, ਸ਼ਰਧਾ ਦੇ ਨਾਂ ’ਤੇ ਚੌਧਰ ਅਤੇ ਧਰਮ ਦੇ ਨਾਂ ’ਤੇ ਨਿੱਜੀ ਹਿੱਤ ਭਾਰੂ ਹੁੰਦੇ ਜਾ ਰਹੇ ਹਨ।

ਗੁਰੂ ਘਰ ਉਹ ਥਾਂ ਹੈ, ਜਿੱਥੇ ਮਨੁੱਖ ਨੂੰ ਬਰਾਬਰੀ, ਨਿਮਰਤਾ, ਸਾਂਝ ਅਤੇ ਸਰਬੱਤ ਦੇ ਭਲੇ ਦਾ ਸਬਕ ਮਿਲਣਾ ਚਾਹੀਦਾ ਹੈ। ਉੱਥੇ ਜੇ ਦਸਤਾਰਾਂ ਲੱਥਣ, ਗਾਲੀ-ਗਲੋਚ ਹੋਵੇ ਅਤੇ ਮਾਇਆ ਦੇ ਹਿਸਾਬ ਜਾਂ ਪ੍ਰਬੰਧਕੀ ਅਹੁਦਿਆਂ ਨੂੰ ਲੈ ਕੇ ਹੱਥੋਪਾਈ ਹੋਵੇ ਤਾਂ ਇਹ ਸਿਰਫ਼ ਮਰਿਆਦਾ ਦੀ ਉਲੰਘਣਾ ਨਹੀਂ, ਸਗੋਂ ਸਾਡੀ ਸਮਾਜਿਕ ਚੇਤਨਾ ਨੂੰ ਵੀ ਝੰਜੋੜਨ ਵਾਲਾ ਵਰਤਾਰਾ ਹੈ ।

ਕੋਈ ਧਾਰਮਿਕ ਅਸਥਾਨ ਕਿਸੇ ਵਿਅਕਤੀ, ਪਰਿਵਾਰ ਜਾਂ ਧੜੇ ਦੀ ਨਿੱਜੀ ਜਾਇਦਾਦ ਨਹੀਂ ਹੁੰਦਾ। ਇਹ ਸੰਗਤ ਦੀ ਸਾਂਝੀ ਸੰਸਥਾ ਹੈ। ਇਸ ਦੀ ਇਮਾਰਤ, ਲੰਗਰ, ਜਾਇਦਾਦ ਅਤੇ ਗੋਲਕ ਵਿੱਚ ਪਈ ਮਾਇਆ ਵੀ ਸੰਗਤ ਦੀ ਹੀ ਕਮਾਈ ਹੁੰਦੀ ਹੈ । ਪ੍ਰਬੰਧਕਾਂ ਦੀ ਹੈਸੀਅਤ ਮਾਲਕਾਂ ਦੀ ਨਹੀਂ, ਜਵਾਬਦੇਹ ਸੇਵਾਦਾਰਾਂ ਦੀ ਹੁੰਦੀ ਹੈ। ਪਰ ਸਵਾਲ ਇਹ ਹੈ ਕਿ ਜਦੋਂ ਗੋਲਕ ਵਿੱਚ ਮਾਇਆ ਪਾਉਣ ਦੀ ਵਾਰੀ ਆਉਂਦੀ ਹੈ ਤਾਂ ਸੰਗਤ ਸਭ ਤੋਂ ਅਹਿਮ ਹੁੰਦੀ ਹੈ, ਪਰ ਜਦੋਂ ਉਸ ਮਾਇਆ ਦੇ ਹਿਸਾਬ-ਕਿਤਾਬ ਅਤੇ ਵਰਤੋਂ ਦੀ ਗੱਲ ਆਉਂਦੀ ਹੈ ਤਾਂ ਸੰਗਤ ਦੀ ਆਵਾਜ਼ ਕਿੱਥੇ ਚਲੀ ਜਾਂਦੀ ਹੈ?

ਗੋਲਕ ਵਿੱਚ ਪਈ ਮਾਇਆ ਕਿਸੇ ਪ੍ਰਬੰਧਕ ਦੀ ਨਿੱਜੀ ਪੂੰਜੀ ਨਹੀਂ। ਇਸ ਦਾ ਇਕ-ਇਕ ਪੈਸਾ ਸੰਗਤ ਦੇ ਸਾਹਮਣੇ ਜਵਾਬਦੇਹ ਹੋਣਾ ਚਾਹੀਦਾ ਹੈ। ਆਮਦਨ-ਖ਼ਰਚ ਦਾ ਹਿਸਾਬ ਜਨਤਕ ਹੋਵੇ, ਸੁਤੰਤਰ ਆਡਿਟ ਹੋਵੇ, ਕਮੇਟੀਆਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਵੇ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਆਮ ਸੰਗਤ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਵੇ। ਜਿੱਥੇ ਪੈਸਾ ਸਾਂਝਾ ਹੋਵੇ, ਉੱਥੇ ਉਸ ਦੇ ਹਿਸਾਬ ਦਾ ਹੱਕ ਵੀ ਸਾਂਝਾ ਹੋਣਾ ਚਾਹੀਦਾ ਹੈ।

ਇਹ ਸਮੱਸਿਆ ਸਿਰਫ਼ ਕੈਨੇਡਾ ਜਾਂ ਵਿਦੇਸ਼ਾਂ ਦੇ ਗੁਰਦੁਆਰਿਆਂ ਤੱਕ ਸੀਮਤ ਨਹੀਂ। ਪੰਜਾਬ ਵਿੱਚ ਵੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਅਹੁਦਿਆਂ ਦੀ ਖਿੱਚੋਤਾਣ ਅਤੇ ਨਿੱਜੀ ਦਬਦਬੇ ਦੀਆਂ ਮਿਸਾਲਾਂ ਮਿਲਦੀਆਂ ਹਨ। ਜਦੋਂ ਕਿਸੇ ਸੰਸਥਾ ਦਾ ਅਹੁਦਾ ਸਮਾਜਿਕ ਵੱਕਾਰ ਅਤੇ ਨਿੱਜੀ ਪ੍ਰਭਾਵ ਦਾ ਸਾਧਨ ਬਣ ਜਾਂਦਾ ਹੈ ਤਾਂ ਉਸ ਦੇ ਮੂਲ ਉਦੇਸ਼ ਪਿੱਛੇ ਰਹਿ ਜਾਂਦੇ ਹਨ। ਸੇਵਾ ਦੀ ਥਾਂ ਚੌਧਰ ਲੈ ਲੈਂਦੀ ਹੈ ਅਤੇ ਸਾਂਝ ਦੀ ਥਾਂ ਧੜੇਬੰਦੀ।

ਗੁਰੂ ਘਰਾਂ ਦੀ ਮਰਿਆਦਾ ਸਿਰਫ਼ ਧਾਰਮਿਕ ਰਸਮਾਂ ਨਿਭਾਉਣ ਨਾਲ ਕਾਇਮ ਨਹੀਂ ਰਹਿੰਦੀ। ਇਸ ਲਈ ਪ੍ਰਬੰਧ ਵਿੱਚ ਇਮਾਨਦਾਰੀ, ਵਿੱਤੀ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਲਾਜ਼ਮੀ ਹੈ। ਮਤਭੇਦ ਹੋ ਸਕਦੇ ਹਨ, ਚੋਣਾਂ ਵੀ ਹੋ ਸਕਦੀਆਂ ਹਨ ਅਤੇ ਪ੍ਰਬੰਧਕੀ ਫ਼ੈਸਲਿਆਂ ਉੱਤੇ ਸਵਾਲ ਵੀ ਉੱਠ ਸਕਦੇ ਹਨ, ਪਰ ਇਨ੍ਹਾਂ ਦਾ ਹੱਲ ਹਿੰਸਾ ਜਾਂ ਤਾਕਤ ਦੇ ਪ੍ਰਦਰਸ਼ਨ ਵਿੱਚ ਨਹੀਂ, ਸਗੋਂ ਨਿਯਮਾਂ, ਸੰਵਾਦ ਅਤੇ ਸੰਗਤ ਦੀ ਸਾਂਝੀ ਰਾਇ ਵਿੱਚੋਂ ਨਿਕਲਣਾ ਚਾਹੀਦਾ ਹੈ।

ਗੁਰੂ ਘਰ ਦੀ ਗੋਲਕ ਨਾਲੋਂ ਵੱਡੀ ਚੀਜ਼ ਸੰਗਤ ਦਾ ਭਰੋਸਾ ਹੈ। ਗੋਲਕ ਦੀ ਮਾਇਆ ਦਾ ਹਿਸਾਬ ਤਾਂ ਲੇਖੇ-ਜੋਖੇ ਨਾਲ ਮਿਲ ਸਕਦਾ ਹੈ, ਪਰ ਟੁੱਟੇ ਹੋਏ ਭਰੋਸੇ ਦਾ ਹਿਸਾਬ ਕੌਣ ਦੇਵੇਗਾ? ਗੁਰੂ ਘਰਾਂ ਵਿੱਚ ਚੌਧਰ ਦੀ ਨਹੀਂ, ਸੇਵਾ ਦੀ ਪ੍ਰਧਾਨਤਾ ਹੋਣੀ ਚਾਹੀਦੀ ਹੈ। ਆਖ਼ਰ ਗੁਰੂ ਘਰਾਂ ਦੀ ਪਛਾਣ ਉਨ੍ਹਾਂ ਦੀਆਂ ਇਮਾਰਤਾਂ ਅਤੇ ਗੋਲਕਾਂ ਨਾਲ ਨਹੀਂ, ਉਨ੍ਹਾਂ ਵਿੱਚੋਂ ਮਿਲਦੇ ਸਾਂਝ, ਨਿਮਰਤਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨਾਲ ਹੋਣੀ ਚਾਹੀਦੀ ਹੈ। 

24 ਨਵੰਬਰ 2026

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia