ਪੁਸਤਕ ਸੂਚਨਾ

ਬੋਲਦੀ ਕਿਤਾਬ। ‘ਹਮਾਰਾ ਇਤਿਹਾਸ, ਉਨਕਾ ਇਤਿਹਾਸ, ਕਿਸਕਾ ਇਤਿਹਾਸ?’। ਰੋਮਿਲਾ ਥਾਪਰ

ਫ਼ਰੀਦ ਖ਼ਾਂ

AD

21 Sept 2026 · 8 min read

ਫ਼ਰੀਦ ਖ਼ਾਂ

ਇਤਿਹਾਸ ਬਨਾਮ ਏਜੰਡੇ ਦਾ ਇਤਿਹਾਸ

ਭਾਰਤ ਵਿੱਚ ਸੱਜੇ-ਪੱਖੀ ਸਰਕਾਰ ਦੇ ਆਉਣ ਤੋਂ ਬਾਅਦ ‘ਚੰਗੇ ਦਿਨ’ ਲਿਆਉਣ ਦੇ ਨਾਂ ’ਤੇ ਕੀਤੇ ਗਏ ਸਭ ਤੋਂ ਚਰਚਿਤ ਕੰਮਾਂ ਵਿੱਚੋਂ ਇੱਕ ਸ਼ਹਿਰਾਂ ਅਤੇ ਥਾਵਾਂ ਦੇ ਨਾਂ ਬਦਲਣਾ ਰਿਹਾ ਹੈ। ਨਾਂ ਬਦਲਣ ਦੀ ਇਸ ਰਾਜਨੀਤੀ ਨੂੰ ਸਿਰਫ਼ ਪ੍ਰਸ਼ਾਸਕੀ ਫ਼ੈਸਲਾ ਸਮਝਣਾ ਮੁਸ਼ਕਲ ਹੈ। ਇਸ ਦੇ ਪਿੱਛੇ ਇਤਿਹਾਸ ਨੂੰ ਦੇਖਣ ਦਾ ਇੱਕ ਖ਼ਾਸ ਨਜ਼ਰੀਆ ਵੀ ਕੰਮ ਕਰਦਾ ਦਿਖਾਈ ਦਿੰਦਾ ਹੈ-ਅਜਿਹਾ ਨਜ਼ਰੀਆ ਜਿਸ ਵਿੱਚ ਭਾਰਤ ਦਾ ਇਤਿਹਾਸ ਜਾਂ ਤਾਂ ਪ੍ਰਾਚੀਨ ਭਾਰਤ ਦਾ ਇਤਿਹਾਸ ਹੈ ਜਾਂ ਅੰਗਰੇਜ਼ਾਂ ਦੇ ਰਾਜ ਦਾ। ਇਨ੍ਹਾਂ ਦੋਹਾਂ ਦੇ ਵਿਚਕਾਰਲਾ ਲੰਮਾ ਦੌਰ ਜਿਵੇਂ ਇਤਿਹਾਸ ਦੀ ਸਮਾਂ-ਰੇਖਾ ਵਿੱਚੋਂ ਹਟਾਇਆ ਜਾ ਰਿਹਾ ਹੋਵੇ।

ਜਦਕਿ ਕਿਸੇ ਵੀ ਸਮਾਜ ਦੀ ਯਾਤਰਾ ਵਿੱਚ ਵਿਚਕਾਰਲਾ ਦੌਰ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸੇ ਦੌਰ ਵਿੱਚ ਸਮਾਜ ਬਦਲਦਾ ਹੈ, ਨਵੀਆਂ ਭਾਸ਼ਾਵਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਬਣਦੀਆਂ ਹਨ, ਧਾਰਮਿਕ ਵਿਚਾਰਾਂ ਵਿੱਚ ਤਬਦੀਲੀਆਂ ਆਉਂਦੀਆਂ ਹਨ ਅਤੇ ਨਵੀਆਂ ਰਾਜਨੀਤਕ ਤੇ ਆਰਥਿਕ ਵਿਵਸਥਾਵਾਂ ਜਨਮ ਲੈਂਦੀਆਂ ਹਨ।

ਇਸੇ ਸੰਦਰਭ ਵਿੱਚ ਪ੍ਰਸਿੱਧ ਇਤਿਹਾਸਕਾਰ ਰੋਮਿਲਾ ਥਾਪਰ ਦੀ ਕਿਤਾਬ ‘ਹਮਾਰਾ ਇਤਿਹਾਸ, ਉਨਕਾ ਇਤਿਹਾਸ, ਕਿਸਕਾ ਇਤਿਹਾਸ?’ ਮਹੱਤਵਪੂਰਨ ਬਣ ਜਾਂਦੀ ਹੈ। ਮੂਲ ਕਿਤਾਬ ਅੰਗਰੇਜ਼ੀ ਵਿੱਚ ਹੈ ਅਤੇ ਇਸ ਦਾ ਹਿੰਦੀ ਅਨੁਵਾਦ ਸੰਜੇ ਕੁੰਦਨ ਨੇ ਕੀਤਾ ਹੈ। ਕਿਤਾਬ ਦਾ ਸਿਰਲੇਖ ਹੀ ਉਸ ਮੁੱਢਲੇ ਸਵਾਲ ਵੱਲ ਇਸ਼ਾਰਾ ਕਰਦਾ ਹੈ ਕਿ ਇਤਿਹਾਸ ਕਿਸ ਦਾ ਹੈ ਅਤੇ ਉਸ ਨੂੰ ਲਿਖਣ ਤੇ ਸਮਝਣ ਦਾ ਅਧਿਕਾਰ ਕਿਸ ਕੋਲ ਹੈ?

ਇਤਿਹਾਸ ਲਿਖਣਾ ਕਦੇ ਵੀ ਸਿਰਫ਼ ਤਰੀਕਾਂ ਇਕੱਠੀਆਂ ਕਰਨਾ ਨਹੀਂ ਰਿਹਾ। ਪਹਿਲਾਂ ਇਤਿਹਾਸ ਵਿੱਚ ਬਹੁਤ ਸਾਰੀਆਂ ਕਹਾਣੀਆਂ ਲੋਕ-ਪ੍ਰਚਲਿਤ ਧਾਰਨਾਵਾਂ ਅਤੇ ਮਿੱਥਾਂ ਦੇ ਆਧਾਰ ’ਤੇ ਚਲਦੀਆਂ ਰਹੀਆਂ। ਪਰ ਆਧੁਨਿਕ ਇਤਿਹਾਸ ਲੇਖਣ ਨੇ ਸਬੂਤਾਂ ਅਤੇ ਸਰੋਤਾਂ ਨੂੰ ਕੇਂਦਰ ਵਿੱਚ ਲਿਆਂਦਾ। ਕਿਸੇ ਘਟਨਾ ਬਾਰੇ ਕੀ ਲਿਖਿਆ ਗਿਆ ਹੈ, ਇਹ ਜਿੰਨਾ ਮਹੱਤਵਪੂਰਨ ਹੈ, ਓਨਾ  ਹੀ ਇਹ ਵੀ ਮਹੱਤਵਪੂਰਨ ਹੈ ਕਿ ਉਸ ਦਾਅਵੇ ਦਾ ਆਧਾਰ ਕੀ ਹੈ।

ਬਿਨਾਂ ਸਬੂਤਾਂ ਵਾਲੇ ਇਤਿਹਾਸ ਨੂੰ ਤੋੜਨਾ-ਮਰੋੜਨਾ ਆਸਾਨ ਹੁੰਦਾ ਹੈ। ਕਿਸੇ ਇੱਕ ਭਾਈਚਾਰੇ ਨੂੰ ਖੁਸ਼ ਕਰਨ ਜਾਂ ਕਿਸੇ ਦੂਜੇ ਨੂੰ ਦੁਸ਼ਮਣ ਵਜੋਂ ਪੇਸ਼ ਕਰਨ ਲਈ ਅਤੀਤ ਦੀ ਨਵੀਂ ਕਹਾਣੀ ਬਣਾਈ ਜਾ ਸਕਦੀ ਹੈ। ਇਸੇ ਲਈ ਇਤਿਹਾਸ ਪ੍ਰਚਾਰ ਦੀ ਰਾਜਨੀਤੀ ਦਾ ਵੀ ਮਹੱਤਵਪੂਰਨ ਹਥਿਆਰ ਬਣ ਜਾਂਦਾ ਹੈ।

ਇਸ ਸੰਦਰਭ ਵਿੱਚ ਪਾਠਕ੍ਰਮ ਵਿੱਚੋਂ ‘ਤਿੰਨ ਸੌ ਰਾਮਾਇਣਾਂ’ ਵਰਗੇ ਪਾਠ ਨੂੰ ਹਟਾਉਣ ਦੀ ਚਰਚਾ ਵੀ ਮਹੱਤਵਪੂਰਨ ਹੈ। ਰਾਮਾਇਣ ਦੀਆਂ ਵੱਖ-ਵੱਖ ਪਰੰਪਰਾਵਾਂ ਅਤੇ ਕਥਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੀ ਥਾਂ ਜੇ ਇੱਕੋ ਕਹਾਣੀ ਨੂੰ ‘ਇਤਿਹਾਸ’ ਦਾ ਇਕਲੌਤਾ ਰੂਪ ਮੰਨਿਆ ਜਾਵੇ ਤਾਂ ਇਤਿਹਾਸ ਦੀ ਵਿਸ਼ਾਲਤਾ ਸੁੰਗੜ ਜਾਂਦੀ ਹੈ।

ਕੋਵਿਡ ਦੇ ਦੌਰ ਵਿੱਚ ਐੱਨ.ਸੀ.ਈ.ਆਰ.ਟੀ. ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਮੱਧਕਾਲ ਨਾਲ ਸਬੰਧਤ ਕੁਝ ਚੈਪਟਰ ਹਟਾਏ ਜਾਣ ਦਾ ਮਾਮਲਾ ਵੀ ਇਸੇ ਸੰਦਰਭ ਵਿੱਚ ਦੇਖਿਆ ਗਿਆ। ਸਰਕਾਰ ਵੱਲੋਂ ਇਸ ਨੂੰ ਵਿਦਿਆਰਥੀਆਂ ਦਾ ਬੋਝ ਘਟਾਉਣ ਨਾਲ ਜੋੜਿਆ ਗਿਆ ਸੀ। ਰੋਮਿਲਾ ਥਾਪਰ ਦਾ ਤਰਕ ਸੀ ਕਿ ਜੇ ਪ੍ਰੀਖਿਆ ਵਿੱਚ ਕੁਝ ਚੈਪਟਰਾਂ ਵਿੱਚੋਂ ਸਵਾਲ ਨਾ ਪੁੱਛੇ ਜਾਣ ਤਾਂ ਵੀ ਉਹ ਕਿਤਾਬ ਵਿੱਚ ਰਹਿ ਸਕਦੇ ਸਨ। ਇਸ ਨਾਲ ਗੰਭੀਰ ਵਿਦਿਆਰਥੀਆਂ ਲਈ ਉਨ੍ਹਾਂ ਨੂੰ ਪੜ੍ਹਨ ਦਾ ਰਸਤਾ ਖੁੱਲ੍ਹਾ ਰਹਿੰਦਾ।

ਇੱਥੇ ਮੁੱਖ ਸਵਾਲ ਇਹ ਹੈ ਕਿ ਇਤਿਹਾਸ ਦੀ ਕਿਤਾਬ ਵਿੱਚੋਂ ਕਿਸੇ ਦੌਰ ਨੂੰ ਹਟਾਉਣਾ ਸਿਰਫ਼ ਪਾਠਕ੍ਰਮ ਦਾ ਮਾਮਲਾ ਹੈ ਜਾਂ ਇਸ ਨਾਲ ਇਤਿਹਾਸ ਦੀ ਸਾਡੀ ਸਮਝ ਵੀ ਬਦਲਦੀ ਹੈ?

ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਅਤੀਤ ਦੀ ਹਰ ਕਹਾਣੀ ਇਤਿਹਾਸ ਨਹੀਂ ਹੁੰਦੀ। ਇਤਿਹਾਸ ਸਬੂਤ ਮੰਗਦਾ ਹੈ ਅਤੇ ਸਬੂਤਾਂ ਦੀ ਜਾਂਚ ਵੀ ਕਰਦਾ ਹੈ। ਸ਼ਿਲਾਲੇਖ, ਦਸਤਾਵੇਜ਼, ਪੁਰਾਤੱਤਵ ਸਰੋਤ, ਸਾਹਿਤਕ ਰਚਨਾਵਾਂ, ਯਾਤਰਾ-ਬਿਰਤਾਂਤ ਅਤੇ ਹੋਰ ਸਰੋਤ-ਇਨ੍ਹਾਂ ਸਭ ਨੂੰ ਇਕੱਠਾ ਕਰਕੇ ਕਿਸੇ ਦੌਰ ਦੀ ਤਸਵੀਰ ਬਣਾਈ ਜਾਂਦੀ ਹੈ।

ਇਸ ਲਈ ਜਦੋਂ ਕੋਈ ਰਾਜਨੀਤਕ ਵਿਚਾਰਧਾਰਾ ਅਤੀਤ ਨੂੰ ਆਪਣੀ ਸਹੂਲਤ ਅਨੁਸਾਰ ਸੌਖੀ ਕਹਾਣੀ ਵਿੱਚ ਬਦਲ ਦਿੰਦੀ ਹੈ ਤਾਂ ਇਤਿਹਾਸ ਅਤੇ ਕਲਪਨਾ ਵਿਚਕਾਰ ਦੀ ਹੱਦ ਮਿਟਣ ਲੱਗਦੀ ਹੈ।

ਦੁਨੀਆ ਦੇ ਕਈ ਦੇਸ਼ਾਂ ਵਿੱਚ ਸੱਜੇ-ਪੱਖੀ ਰਾਜਨੀਤੀ ਨੇ ਅਤੀਤ ਦੀ ਇੱਕ ‘ਸੁਨਹਿਰੀ ਤਸਵੀਰ’ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਸਵੀਰ ਵਿੱਚ ਅਤੀਤ ਵਿੱਚ ਸਭ ਕੁਝ ਚੰਗਾ ਸੀ, ਸਮਾਜ ਵਿੱਚ ਕੋਈ ਵੱਡਾ ਟਕਰਾਅ ਨਹੀਂ ਸੀ ਅਤੇ ਲੋਕ ਇੱਕੋ ਜਿਹੇ ਸਨ। ਪਰ ਇਤਿਹਾਸ ਅਜਿਹਾ ਨਹੀਂ ਹੁੰਦਾ। ਮਨੁੱਖੀ ਸਮਾਜ ਦੀ ਤਰੱਕੀ ਹੀ ਇਸ ਗੱਲ ਦਾ ਸਬੂਤ ਹੈ ਕਿ ਹਰ ਦੌਰ ਵਿੱਚ ਟਕਰਾਅ, ਬਹਿਸ, ਬਦਲਾਅ ਅਤੇ ਵਿਰੋਧ ਰਹੇ ਹਨ।

ਪੇਸ਼ੇਵਰ ਇਤਿਹਾਸਕਾਰ ਇਨ੍ਹਾਂ ਉਤਾਰ-ਚੜ੍ਹਾਵਾਂ ਨੂੰ ਸਬੂਤਾਂ ਦੇ ਆਧਾਰ ’ਤੇ ਸਮਝਦੇ ਹਨ। ਪਰ ਜਦੋਂ ਰਾਜਨੀਤੀ ਅਤੀਤ ਨੂੰ ਸਿਰਫ਼ ਮਾਣ ਅਤੇ ਅਪਮਾਨ ਦੀ ਕਹਾਣੀ ਬਣਾ ਦਿੰਦੀ ਹੈ ਤਾਂ ਇਸ ਦਾ ਇੱਕ ਹੋਰ ਅਸਰ ਹੁੰਦਾ ਹੈ। ਲੋਕਾਂ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਹ ਅਤੀਤ ਵਿੱਚ ਮਹਾਨ ਸਨ, ਪਰ ਅੱਜ ਉਨ੍ਹਾਂ ਤੋਂ ਉਹ ਮਹਾਨਤਾ ਖੋਹ ਲਈ ਗਈ ਹੈ। ਫਿਰ ਉਸ ਕਥਿਤ ਗਿਰਾਵਟ ਲਈ ਕਿਸੇ ‘ਦੁਸ਼ਮਣ’ ਦੀ ਭਾਲ ਸ਼ੁਰੂ ਹੁੰਦੀ ਹੈ।

ਇਹੋ ਥਾਂ ਹੈ ਜਿੱਥੇ ਇਤਿਹਾਸ ਸਿਆਸੀ ਹਥਿਆਰ ਬਣ ਜਾਂਦਾ ਹੈ।

ਰੋਮਿਲਾ ਥਾਪਰ ਇਤਿਹਾਸ ਦੀ ਪਰਿਭਾਸ਼ਾ ਨੂੰ ਵੀ ਇਸੇ ਲਈ ਮਹੱਤਵ ਦਿੰਦੀ ਹੈ। ਉਨ੍ਹਾਂ ਅਨੁਸਾਰ ਇਤਿਹਾਸ ਨਾ ਤਾਂ ਸਿਰਫ਼ ਤਰੀਕਾਂ ਦਾ ਸੰਗ੍ਰਹਿ ਹੈ ਅਤੇ ਨਾ ਹੀ ਸਿਰਫ਼ ਕਹਾਣੀ ਸੁਣਾਉਣ ਦਾ ਨਾਂ। ਧਰਮ ਅਤੇ ਰਾਸ਼ਟਰਵਾਦ ਇਤਿਹਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ, ਪਰ ਸਿਰਫ਼ ਇਨ੍ਹਾਂ ਦੋ ਦ੍ਰਿਸ਼ਟੀਕੋਣਾਂ ਤੋਂ ਇਤਿਹਾਸ ਨੂੰ ਦੇਖਣਾ ਉਸ ਨੂੰ ਵਿਗਾੜ ਸਕਦਾ ਹੈ।

ਇਸੇ ਸੰਦਰਭ ਵਿੱਚ ਜੇਮਜ਼ ਮਿਲ ਦਾ ਜ਼ਿਕਰ ਆਉਂਦਾ ਹੈ। 1817 ਵਿੱਚ ਉਸ ਨੇ ਭਾਰਤ ਆਏ ਬਿਨਾਂ ਲੰਡਨ ਵਿੱਚ ਬੈਠ ਕੇ ਭਾਰਤ ਦਾ ਇਤਿਹਾਸ ਲਿਖਿਆ। ਉਸ ਨੇ ਭਾਰਤੀ ਇਤਿਹਾਸ ਨੂੰ ਮੁੱਖ ਤੌਰ ’ਤੇ ਹਿੰਦੂ ਅਤੇ ਮੁਸਲਿਮ ਦੌਰਾਂ ਵਿੱਚ ਵੰਡ ਕੇ ਦੇਖਿਆ। ਇਸ ਤਰ੍ਹਾਂ ਭਾਰਤ ਦੀ ਲੰਮੀ ਇਤਿਹਾਸਕ ਯਾਤਰਾ ਨੂੰ ਦੋ ਧਾਰਮਿਕ ਖਾਨਿਆਂ ਵਿੱਚ ਵੰਡਣ ਵਾਲੀ ਸੋਚ ਨੂੰ ਇੱਕ ਇਤਿਹਾਸਕ ਆਧਾਰ ਮਿਲਿਆ।

ਇਸ ਵੰਡ ਦਾ ਅਸਰ ਬਾਅਦ ਦੀ ਰਾਜਨੀਤੀ ’ਤੇ ਵੀ ਪਿਆ। ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਉੱਭਰਿਆ ਰਾਸ਼ਟਰਵਾਦ ਵਿਆਪਕ ਅਤੇ ਸਮਾਵੇਸ਼ੀ ਸੀ। ਉਸ ਵਿੱਚ ਧਰਮ ਤੋਂ ਉੱਪਰ ਭਾਰਤੀ ਹੋਣਾ ਸਾਂਝੀ ਪਛਾਣ ਸੀ। ਇਸ ਦੇ ਉਲਟ, ਸੱਜੇ-ਪੱਖੀ ਰਾਸ਼ਟਰਵਾਦ ਵਿੱਚ ਅਕਸਰ ਬਹੁਗਿਣਤੀ ਦੀ ਪਛਾਣ ਨੂੰ ਰਾਸ਼ਟਰ ਦੀ ਮੁੱਖ ਪਛਾਣ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਘੱਟਗਿਣਤੀ ਨੂੰ ‘ਦੂਜਾ’ ਬਣਾਇਆ ਜਾਂਦਾ ਹੈ।

ਇਤਿਹਾਸ ਨੂੰ ਹਿੰਦੂ ਬਨਾਮ ਮੁਸਲਿਮ ਦੇ ਖਾਨੇ ਵਿੱਚ ਰੱਖਣ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਨਾ ਹਿੰਦੂ ਸਮਾਜ ਕੋਈ ਇੱਕ ਇਕਾਈ ਹੈ ਅਤੇ ਨਾ ਮੁਸਲਿਮ ਸਮਾਜ। ਦੋਹਾਂ ਭਾਈਚਾਰਿਆਂ ਦੇ ਅੰਦਰ ਧਾਰਮਿਕ, ਸਮਾਜਕ, ਜਾਤੀ ਅਤੇ ਵਿਚਾਰਧਾਰਕ ਵੱਖਰੇਪਣ ਰਹੇ ਹਨ।

ਪ੍ਰਾਚੀਨ ਭਾਰਤ ਨੂੰ ਵੀ ਸਿਰਫ਼ ‘ਸੁਨਹਿਰੀ ਦੌਰ’ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ। ਜਾਤੀ-ਅਧਾਰਤ ਭੇਦਭਾਵ ਅਤੇ ਸਮਾਜਕ ਗ਼ੈਰ-ਬਰਾਬਰੀ ਉਸ ਸਮੇਂ ਵੀ ਮੌਜੂਦ ਸੀ। ਇਹ ਭੇਦਭਾਵ ਸਮੇਂ ਦੇ ਨਾਲ ਬਦਲਿਆ, ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ।

ਇਸੇ ਤਰ੍ਹਾਂ ਧਾਰਮਿਕ ਟਕਰਾਅ ਵੀ ਸਿਰਫ਼ ਮੱਧਕਾਲ ਦੀ ਦੇਣ ਨਹੀਂ ਸਨ। ਅਸ਼ੋਕ ਦੇ ਸ਼ਿਲਾਲੇਖ ਵੱਖ-ਵੱਖ ਸੰਪਰਦਾਵਾਂ ਵਿਚਕਾਰ ਸਹਿਣਸ਼ੀਲਤਾ ਦੀ ਲੋੜ ਦੀ ਗੱਲ ਕਰਦੇ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਵੱਖਰੇ ਧਾਰਮਿਕ ਸਮੂਹਾਂ ਵਿਚਕਾਰ ਟਕਰਾਅ ਅਤੇ ਮੁਕਾਬਲਾ ਉਸ ਸਮੇਂ ਵੀ ਮੌਜੂਦ ਸੀ ਜਦੋਂ ਇਸਲਾਮ ਭਾਰਤ ਵਿੱਚ ਆਇਆ ਹੀ ਨਹੀਂ ਸੀ।

ਸੱਤਵੀਂ ਸਦੀ ਵਿੱਚ ਭਾਰਤ ਆਏ ਚੀਨੀ ਯਾਤਰੀ ਦੇ ਵੇਰਵਿਆਂ ਵਿੱਚ ਬੌਧ ਭਿਖਸ਼ੂਆਂ ਅਤੇ ਮੱਠਾਂ ਨਾਲ ਹੋਈ ਹਿੰਸਾ ਦਾ ਜ਼ਿਕਰ ਮਿਲਦਾ ਹੈ। ਕਸ਼ਮੀਰ ਦੇ ਇਤਿਹਾਸਕਾਰ ਕਲ੍ਹਣ ਨੇ ਵੀ ਧਾਰਮਿਕ ਅਤੇ ਰਾਜਨੀਤਕ ਟਕਰਾਅ ਦਰਜ ਕੀਤੇ ਹਨ। ਉਸ ਨੇ ਹਿੰਦੂ ਰਾਜਿਆਂ ਵੱਲੋਂ ਮੰਦਰਾਂ ਦੀ ਸੰਪਤੀ ਲੁੱਟੇ ਜਾਣ ਦੇ ਹਵਾਲੇ ਵੀ ਦਿੱਤੇ ਹਨ।

ਇਸ ਤੋਂ ਇੱਕ ਅਹਿਮ ਗੱਲ ਸਾਹਮਣੇ ਆਉਂਦੀ ਹੈ-ਹਰ ਲੜਾਈ ਨੂੰ ਧਰਮ ਦੇ ਚਸ਼ਮੇ ਨਾਲ ਨਹੀਂ ਦੇਖਿਆ ਜਾ ਸਕਦਾ। ਰਾਜਨੀਤਕ ਅਤੇ ਆਰਥਿਕ ਹਿੱਤ ਵੀ ਇਤਿਹਾਸ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਰਹੇ ਹਨ।

ਮੱਧਕਾਲ ਦਾ ਇਤਿਹਾਸ ਇਸ ਪੱਖੋਂ ਹੋਰ ਵੀ ਮਹੱਤਵਪੂਰਨ ਹੈ। ਇਸ ਦੌਰ ਨੂੰ ਸਿਰਫ਼ ‘ਮੁਸਲਿਮ ਹਮਲਿਆਂ’ ਅਤੇ ‘ਹਿੰਦੂਆਂ ਦੇ ਜ਼ੁਲਮ’ ਦੀ ਕਹਾਣੀ ਬਣਾ ਦੇਣ ਨਾਲ ਭਾਰਤ ਦੀ ਸਾਂਝੀ ਸੱਭਿਆਚਾਰਕ ਯਾਤਰਾ ਗ਼ਾਇਬ ਹੋ ਜਾਂਦੀ ਹੈ।

ਭਗਤੀ ਲਹਿਰ ਇਸ ਦੀ ਵੱਡੀ ਮਿਸਾਲ ਹੈ। ਕਬੀਰ, ਰਾਮਾਨੰਦ ਨਾਲ ਜੁੜੇ ਅਤੇ ਨਿਰਗੁਣ ਰਾਮ ਦੀ ਭਗਤੀ ਦੀ ਪਰੰਪਰਾ ਨੂੰ ਅੱਗੇ ਲੈ ਕੇ ਗਏ। ਰਸਖ਼ਾਨ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ ਪਰ ਕ੍ਰਿਸ਼ਨ ਦੇ ਪ੍ਰਸਿੱਧ ਭਗਤ ਬਣੇ। ਤੁਲਸੀਦਾਸ ਨੇ ਇਸੇ ਦੌਰ ਵਿੱਚ ਅਵਧੀ ਵਿੱਚ ਰਾਮਚਰਿਤ ਮਾਨਸ ਲਿਖੀ। ਲੋਕ ਭਾਸ਼ਾਵਾਂ ਵਿੱਚ ਵੱਡੀ ਪੱਧਰ ’ਤੇ ਸਾਹਿਤ ਰਚਿਆ ਗਿਆ।

ਇਹ ਸਾਰਾ ਇਤਿਹਾਸ ਦੱਸਦਾ ਹੈ ਕਿ ਸਮਾਜ ਨੂੰ ਸਿਰਫ਼ ਦੋ ਧਾਰਮਿਕ ਖ਼ਾਨਿਆਂ ਵਿੱਚ ਵੰਡ ਕੇ ਨਹੀਂ ਸਮਝਿਆ ਜਾ ਸਕਦਾ।

ਸਤੀ ਪ੍ਰਥਾ ਦਾ ਮਾਮਲਾ ਵੀ ਇਸੇ ਤਰ੍ਹਾਂ ਹੈ। ਇਸ ਨੂੰ ਸਿਰਫ਼ ਮੁਸਲਿਮ ਹਮਲਾਵਰਾਂ ਨਾਲ ਜੋੜਨਾ ਇਤਿਹਾਸਕ ਤੌਰ ’ਤੇ ਸਹੀ ਤਸਵੀਰ ਨਹੀਂ ਦਿੰਦਾ। ਰੋਮਿਲਾ ਥਾਪਰ ਰਿਗਵੇਦ, ਮਹਾਭਾਰਤ ਅਤੇ ਬਾਣਭੱਟ ਦੀਆਂ ਰਚਨਾਵਾਂ ਦੇ ਹਵਾਲਿਆਂ ਰਾਹੀਂ ਦੱਸਦੀ ਹੈ ਕਿ ਸਤੀ ਨਾਲ ਸਬੰਧਤ ਧਾਰਨਾਵਾਂ ਇਸਲਾਮ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਦੀਆਂ ਵੀ ਹਨ। ਇਸ ਪ੍ਰਥਾ ਬਾਰੇ ਉਸ ਸਮੇਂ ਵੀ ਵੱਖਰੇ ਵਿਚਾਰ ਮੌਜੂਦ ਸਨ।

ਇਸੇ ਤਰ੍ਹਾਂ ਮੁਗਲ ਦੌਰ ਨੂੰ ਸਿਰਫ਼ ਹਿੰਦੂ-ਮੁਸਲਿਮ ਟਕਰਾਅ ਦੇ ਰੂਪ ਵਿੱਚ ਦੇਖਣਾ ਵੀ ਇਤਿਹਾਸ ਨੂੰ ਬਹੁਤ ਸੌਖਾ ਬਣਾ ਦੇਣਾ ਹੈ। ਮੁਗਲ ਪ੍ਰਸ਼ਾਸਨ ਵਿੱਚ ਕਈ ਹਿੰਦੂ ਰਾਜੇ ਅਤੇ ਅਧਿਕਾਰੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਨ। ਕਛਵਾਹਾ ਰਾਜਪੂਤ ਮੁਗਲਾਂ ਦੇ ਨੇੜਲੇ ਸਾਥੀਆਂ ਵਿੱਚ ਸਨ ਅਤੇ ਮੁਗਲ ਫ਼ੌਜ ਦੀ ਅਗਵਾਈ ਵੀ ਕਰਦੇ ਸਨ। ਦੂਜੇ ਪਾਸੇ ਮੁਗਲਾਂ ਨਾਲ ਲੜਨ ਵਾਲੇ ਕੁਝ ਰਾਜਪੂਤਾਂ ਨੂੰ ਅਫ਼ਗਾਨ ਮੁਸਲਮਾਨਾਂ ਦੀ ਮਦਦ ਮਿਲਦੀ ਸੀ।

ਜੇ ਇਹ ਸਾਰੀਆਂ ਲੜਾਈਆਂ ਸਿਰਫ਼ ਹਿੰਦੂ-ਮੁਸਲਿਮ ਲੜਾਈਆਂ ਹੁੰਦੀਆਂ ਤਾਂ ਇਹ ਸਿਆਸੀ ਗੱਠਜੋੜ ਕਿਵੇਂ ਬਣਦੇ?

ਇਸੇ ਦੌਰ ਵਿੱਚ ਹਿੰਦੂ ਵਪਾਰੀਆਂ ਦੀ ਸ਼ਹਿਰੀ ਵਪਾਰ ਵਿੱਚ ਮਹੱਤਵਪੂਰਨ ਭੂਮਿਕਾ ਸੀ। ਬਨਾਰਸੀਦਾਸ ਦੀ ਆਤਮ-ਕਥਾਤਮਕ ਰਚਨਾ ‘ਅਰਧ-ਕਥਾਨਕ’ ਇਸ ਸਮਾਜਕ ਅਤੇ ਆਰਥਿਕ ਜੀਵਨ ਦੀ ਇੱਕ ਝਲਕ ਦਿੰਦੀ ਹੈ।

ਰੋਮਿਲਾ ਥਾਪਰ ਦਾ ਇੱਕ ਮਹੱਤਵਪੂਰਨ ਨੁਕਤਾ ਇਹ ਹੈ ਕਿ ਮੱਧਕਾਲ ਬਾਰੇ ਹਮਲਿਆਂ ਅਤੇ ਤਬਾਹੀ ਦੀਆਂ ਕਹਾਣੀਆਂ ’ਤੇ ਇੰਨਾ ਜ਼ੋਰ ਦਿੱਤਾ ਗਿਆ ਕਿ ਇਸ ਦੌਰ ਦੇ ਹੋਰ ਵੱਡੇ ਬਦਲਾਅ ਪਿੱਛੇ ਰਹਿ ਗਏ। ਇਤਿਹਾਸਕਾਰ ਲਈ ਜ਼ਰੂਰੀ ਹੈ ਕਿ ਉਹ ਕਿਸੇ ਟਕਰਾਅ ਦੇ ਕਾਰਨਾਂ ਦੀ ਪੜਤਾਲ ਕਰੇ। ਕੀ ਕਾਰਨ ਧਾਰਮਿਕ ਸਨ? ਕੀ ਰਾਜਨੀਤਕ ਸਨ? ਕੀ ਆਰਥਿਕ ਸਨ? ਜਾਂ ਕਈ ਕਾਰਨ ਇਕੱਠੇ ਕੰਮ ਕਰ ਰਹੇ ਸਨ?

ਇਤਿਹਾਸ ਦੀ ਇਹੀ ਜਟਿਲਤਾ ਉਸ ਨੂੰ ਇਤਿਹਾਸ ਬਣਾਉਂਦੀ ਹੈ।

ਇਸ ਲਈ ਅੱਜ ਲੋੜ ਇਤਿਹਾਸ ਨੂੰ ਭੁੱਲਣ ਦੀ ਨਹੀਂ, ਉਸ ਨੂੰ ਹੋਰ ਡੂੰਘਾਈ ਨਾਲ ਪੜ੍ਹਨ ਦੀ ਹੈ। ਅਤੀਤ ਨੂੰ ਆਪਣੀ ਮੌਜੂਦਾ ਰਾਜਨੀਤਕ ਲੋੜ ਅਨੁਸਾਰ ਬਦਲਣ ਦੀ ਥਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਬੂਤ ਕੀ ਕਹਿੰਦੇ ਹਨ।

ਇਤਿਹਾਸ ਕਿਸੇ ਇੱਕ ਭਾਈਚਾਰੇ ਦੀ ਜਾਇਦਾਦ ਨਹੀਂ। ਨਾ ਇਹ ਸਿਰਫ਼ ਜਿੱਤਣ ਵਾਲਿਆਂ ਦੀ ਕਹਾਣੀ ਹੈ ਅਤੇ ਨਾ ਸਿਰਫ਼ ਹਾਰਨ ਵਾਲਿਆਂ ਦੀ। ਇਹ ਮਨੁੱਖੀ ਸਮਾਜ ਦੇ ਬਦਲਾਅ, ਟਕਰਾਅ, ਸਾਂਝ ਅਤੇ ਵਿਕਾਸ ਦੀ ਲੰਮੀ ਯਾਤਰਾ ਹੈ।

ਰੋਮਿਲਾ ਥਾਪਰ ਦੀ ਕਿਤਾਬ ਇਸ ਬੁਨਿਆਦੀ ਫ਼ਰਕ ਨੂੰ ਸਮਝਣ ਵਿੱਚ ਮਦਦ ਕਰਦੀ ਹੈ-ਇਤਿਹਾਸ ਕੀ ਹੈ ਅਤੇ ਇਤਿਹਾਸ ਦੇ ਨਾਂ ’ਤੇ ਸਾਨੂੰ ਕੀ ਦੱਸਿਆ ਜਾ ਰਿਹਾ ਹੈ?

ਇਹ ਫ਼ਰਕ ਸਮਝਣਾ ਅੱਜ ਇਸ ਲਈ ਵੀ ਜ਼ਰੂਰੀ ਹੈ ਕਿ ਅਤੀਤ ਦੀ ਸਾਡੀ ਸਮਝ ਵਰਤਮਾਨ ਦੀ ਸਾਡੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ। ਇਤਿਹਾਸ ਨੂੰ ਜਿੰਨਾ ਸੌਖਾ ਬਣਾਇਆ ਜਾਵੇਗਾ, ਉਸ ਵਿੱਚੋਂ ਓਨਾ ਹੀ ਵੱਡਾ ਹਿੱਸਾ ਗ਼ਾਇਬ ਹੁੰਦਾ ਜਾਵੇਗਾ।

ਇਸ ਲਈ ਇਤਿਹਾਸ ਪੜ੍ਹਨ ਦਾ ਪਹਿਲਾ ਨਿਯਮ ਸ਼ਾਇਦ ਇਹ ਹੋਣਾ ਚਾਹੀਦਾ ਹੈ-ਕਹਾਣੀ ਸੁਣਨ ਤੋਂ ਪਹਿਲਾਂ ਸਬੂਤ ਪੁੱਛੋ।

ਅਨੁਵਾਦ-ਕਮਲ ਦੁਸਾਂਝ

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia