ਲੇਖ

ਇਨਸਾਫ਼ ਨੂੰ ਗੋਲੀ ਪਸੰਦ ਹੈ!

AD

21 Sept 2026 · 5 min read

ਪ੍ਰਸ਼ਾਂਤ ਮਾਥੁਰ

ਹਰ ਮਨੁੱਖ ਦੀ ਆਪਣੀ ਪਸੰਦ ਹੁੰਦੀ ਹੈ। ਇਹ ਪਸੰਦ ਬਿਲਕੁਲ ਨਿੱਜੀ ਹੁੰਦੀ ਹੈ। ਇਸ ਦੇ ਪਿੱਛੇ ਭਾਵਨਾਵਾਂ ਹੁੰਦੀਆਂ ਹਨ, ਬਚਪਨ ਦੇ ਤਜਰਬੇ ਹੁੰਦੇ ਹਨ ਅਤੇ ਹੋ ਸਕਦਾ ਹੈ ਕਿ ਕੁਝ ਪਸੰਦਾਂ ਵਿਰਸੇ ਵਿੱਚ ਵੀ ਮਿਲਦੀਆਂ ਹੋਣ। ਇਸ ਲਈ ਸਾਨੂੰ ਕਿਸੇ ਦੀ ਪਸੰਦ ਦੀ ਤੁਲਨਾ ਕਰਨ ਜਾਂ ਉਸ ਦੀ ਆਲੋਚਨਾ ਕਰਨ ਦਾ ਕੋਈ ਹੱਕ ਨਹੀਂ।

ਕਿਸੇ ਨੂੰ ਲਾਲ ਰੰਗ ਪਸੰਦ ਹੈ ਤਾਂ ਕਿਸੇ ਨੂੰ ਹਰਾ। ਕਿਸੇ ਨੂੰ ਭਿੰਡੀ ਪਸੰਦ ਹੈ ਤਾਂ ਕਿਸੇ ਨੂੰ ਲੌਕੀ। ਹੋ ਸਕਦਾ ਹੈ ਕਿਸੇ ਕਰੋੜਪਤੀ ਨੂੰ ਕੱਪੜਿਆਂ ਦੀ ਕੋਈ ਖ਼ਾਸ ਪਰਵਾਹ ਨਾ ਹੋਵੇ, ਜਦੋਂਕਿ ਕੋਈ ਫ਼ਕੀਰ ਦਿਨ ਵਿੱਚ ਅੱਠ ਵਾਰ ਕੱਪੜੇ ਬਦਲਣਾ ਪਸੰਦ ਕਰਦਾ ਹੋਵੇ। ਪਰ ਕਿਸੇ ਵੀ ਹਾਲਤ ਵਿੱਚ ਅਸੀਂ ਇੱਕ ਨੂੰ ਦੂਜੇ ਨਾਲੋਂ ਬਿਹਤਰ ਨਹੀਂ ਕਹਿ ਸਕਦੇ। ਹਾਂ, ਅਸੀਂ ਇਹ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਕਿ ਕਿਸੇ ਵਿਅਕਤੀ ਨੂੰ ਕੋਈ ਖ਼ਾਸ ਚੀਜ਼ ਕਿਉਂ ਪਸੰਦ ਹੈ।

ਮੈਂ ਇਹ ਗੱਲ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਇਨ੍ਹੀਂ ਦਿਨੀਂ ਮੈਨੂੰ ਮਹਿਸੂਸ ਹੋਇਆ ਕਿ ਇਨਸਾਫ਼ ਨੂੰ ਗੋਲੀ ਪਸੰਦ ਹੈ।

ਕੁਝ ਦਿਨ ਪਹਿਲਾਂ ਬਰੇਲੀ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਭੀੜ ਨੂੰ ਸੰਬੋਧਨ ਕਰਦਿਆਂ ਨਾਅਰਾ ਲਾਇਆ ਸੀ-‘ਗੁਸਤਾਖ਼-ਏ-ਨਬੀ ਦੀ ਸਜ਼ਾ, ਸਿਰ ਤਨ ਤੋਂ ਜੁਦਾ।’ ਉਸ ਦੀ ਜ਼ਮਾਨਤ ਦੀ ਅਪੀਲ ਰੱਦ ਕਰਦਿਆਂ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਇਹ ਨਾਅਰਾ ‘ਜੈ ਸ੍ਰੀ ਰਾਮ’ ਜਾਂ ‘ਅੱਲਾ-ਹੂ-ਅਕਬਰ’ ਵਰਗਾ  ਨੁਕਸਾਨਦੇਹ ਨਾਅਰਾ ਨਹੀਂ ਹੈ। ਅਦਾਲਤ ਮੁਤਾਬਕ ਇਸ ਨਾਅਰੇ ਵਿੱਚ ਲੋਕਾਂ ਨੂੰ ਭੜਕਾਉਣ ਦੀ ਮਨਸ਼ਾ ਸਾਫ਼ ਨਜ਼ਰ ਆਉਂਦੀ ਹੈ।

ਇਸ ਦੇ ਉਲਟ, ਸਾਲ 2020 ਵਿੱਚ ਕਈ ਭੀੜਾਂ ਨੂੰ ਸੰਬੋਧਨ ਕਰਦਿਆਂ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਨੇ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ’ ਵਾਲਾ ਨਾਅਰਾ ਲਾਇਆ ਸੀ। ਇਸ ਮਾਮਲੇ ਵਿੱਚ ਸੀ. ਪੀ. ਐੱਮ. ਆਗੂ ਬਰਿੰਦਾ ਕਰਾਤ ਨੇ ਅਦਾਲਤ ਵਿੱਚ ਇਸ ਨਾਅਰੇ ਨੂੰ ਭੜਕਾਊ ਮੰਨਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਪਰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਿਸੇ ਨੂੰ ਵੀ ਇਸ ਨਾਅਰੇ ਵਿੱਚ ਅਜਿਹਾ ਅਪਰਾਧ ਨਜ਼ਰ ਨਹੀਂ ਆਇਆ ਜਿਸ ’ਤੇ ਕਾਨੂੰਨੀ ਕਾਰਵਾਈ ਬਣਦੀ ਹੋਵੇ।

ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਦੋ ਮਾਮਲਿਆਂ ਦੇ ਫ਼ੈਸਲਿਆਂ ਵਿੱਚ ਪੱਖਪਾਤ ਦੇਖਿਆ। ਪਰ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਨ੍ਹਾਂ ਦੋ ਨਾਅਰਿਆਂ ਵਿੱਚ ਦੋ ਵੱਖ-ਵੱਖ ਹਥਿਆਰਾਂ ਦੀ ਗੱਲ ਹੈ-ਇੱਕ ਵਿੱਚ ਛੁਰੀ ਜਾਂ ਤਲਵਾਰ ਅਤੇ ਦੂਜੇ ਵਿੱਚ ਪਿਸਤੌਲ ਜਾਂ ਬੰਦੂਕ। ਜੁਰਮ ਦੇ ਨਜ਼ਰੀਏ ਤੋਂ ਦੋਵਾਂ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ, ਕਿਉਂਕਿ ਦੋਵੇਂ ਆਪਣੇ-ਆਪਣੇ ਢੰਗ ਨਾਲ ਕਿਸੇ ਨੂੰ ਜ਼ਖ਼ਮੀ ਜਾਂ ਮਾਰ ਸਕਦੇ ਹਨ।

ਬਹਿਸ ਲਈ ਦੋਵਾਂ ਵਿਚਕਾਰ ਕਈ ਫ਼ਰਕ ਗਿਣਾਏ ਜਾ ਸਕਦੇ ਹਨ। ਛੁਰੀ ਜਾਂ ਤਲਵਾਰ ਪੁਰਾਣੇ ਕਿਸਮ ਦੇ ਹਥਿਆਰ ਹਨ, ਜਦੋਂਕਿ ਪਿਸਤੌਲ ਜਾਂ ਬੰਦੂਕ ਆਧੁਨਿਕ ਹਥਿਆਰ ਹਨ।

ਪਿਸਤੌਲ ਨਾਲ ਤੁਸੀਂ ਦੂਰੋਂ, ਲੁਕ ਕੇ ਅਤੇ ਬਿਨਾਂ ਆਪਣੀਆਂ ਭਾਵਨਾਵਾਂ ਦਿਖਾਏ ਹਮਲਾ ਕਰ ਸਕਦੇ ਹੋ। ਇਸ ਵਿੱਚ ਸਰੀਰਕ ਤਾਕਤ ਵੀ ਬਹੁਤ ਘੱਟ ਲੱਗਦੀ ਹੈ। ਦੂਜੇ ਪਾਸੇ, ਛੁਰੀ ਨਾਲ ਹਮਲਾ ਕਰਨ ਲਈ ਆਮ ਤੌਰ ’ਤੇ ਨੇੜੇ ਜਾਣਾ ਪੈਂਦਾ ਹੈ। ਛੁਰੀ ਨਾਲ ਵਾਰ ਕਰਨ ਲਈ ਸਰੀਰਕ ਤਾਕਤ ਵੀ ਲਾਉਣੀ ਪੈਂਦੀ ਹੈ। ਸਾਹਮਣੇ ਵਾਲੇ ਨੂੰ ਬਚਾਅ ਕਰਨ ਜਾਂ ਵਾਪਸੀ ਵਿੱਚ ਮੁਕਾਬਲਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ।

ਇਸ ਪੱਖੋਂ ਦੇਖੀਏ ਤਾਂ ਛੁਰੀ ਵਾਲਾ ਤਰੀਕਾ ਪਿਸਤੌਲ ਨਾਲੋਂ ਕਾਫ਼ੀ ਝੰਜਟ ਵਾਲਾ ਲੱਗ ਸਕਦਾ ਹੈ। ਪਰ ਕੀ ਇਨ੍ਹਾਂ ਫ਼ਰਕਾਂ ਦੇ ਆਧਾਰ ’ਤੇ ਅਸੀਂ ਪੂਰੇ ਭਰੋਸੇ ਨਾਲ ਇੱਕ ਹਥਿਆਰ ਨੂੰ ਦੂਜੇ ਨਾਲੋਂ ਬਿਹਤਰ ਕਹਿ ਸਕਦੇ ਹਾਂ?

ਜੇ ਦਰਦ ਦੀ ਗੱਲ ਕਰੀਏ ਤਾਂ ਦੋਵਾਂ ਤਰੀਕਿਆਂ ਵਿੱਚ ਹੋਣ ਵਾਲੇ ਦਰਦ ਦਾ ਪਹਿਲਾਂ ਤੋਂ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਵਾਰ ਸਰੀਰ ਦੇ ਕਿਸ ਹਿੱਸੇ ’ਤੇ ਹੋਇਆ, ਕਿੰਨੀ ਦੂਰ ਤੋਂ ਹੋਇਆ, ਕਿਸ ਕੋਣ ਤੋਂ ਹੋਇਆ ਅਤੇ ਕਿੰਨੀ ਤਾਕਤ ਨਾਲ ਕੀਤਾ ਗਿਆ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਦਰਦ ਦੀਆਂ ਸੰਭਾਵਨਾਵਾਂ ਵੀ ਬੇਅੰਤ ਹੋ ਸਕਦੀਆਂ ਹਨ। ਦਿਲ ਵਿੱਚ ਛੁਰੀ ਜਾਂ ਗੋਲੀ ਲੱਗੇ ਤਾਂ ਜਾਨ ਤੁਰੰਤ ਜਾ ਸਕਦੀ ਹੈ ਅਤੇ ਜੇ ਲੱਤ ’ਤੇ ਲੱਗੇ ਤਾਂ ਇਨਸਾਨ ਕਈ ਦਿਨ ਦਰਦ ਵਿਚ ਤੜਪਦਾ ਰਹਿ ਸਕਦਾ ਹੈ। ਇਸ ਲਈ ਇਸ ਪੱਖ ਤੋਂ ਵੀ ਛੁਰੀ ਅਤੇ ਪਿਸਤੌਲ ਵਿੱਚ ਭੇਦ ਕਰਨਾ ਤਰਕਸੰਗਤ ਨਹੀਂ ਲੱਗਦਾ। ਉੱਪਰੋਂ ਦਰਦ ਸਹਿਣ ਦੀ ਸਮਰੱਥਾ ਵੀ ਹਰ ਮਨੁੱਖ ਦੀ ਵੱਖਰੀ ਹੁੰਦੀ ਹੈ।

ਬਹੁਤ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ ’ਤੇ ਪਹੁੰਚਿਆ ਹਾਂ ਕਿ ਇਨ੍ਹਾਂ ਅਦਾਲਤੀ ਫ਼ੈਸਲਿਆਂ ਪਿੱਛੇ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ ਅਤੇ ਇਹ ਪਸੰਦ ਦਾ ਮਾਮਲਾ ਹੈ।

ਇਨਸਾਫ਼ ਨੂੰ ਬੰਦੂਕ ਪਸੰਦ ਹੈ।

ਪਸੰਦ ’ਤੇ ਸਵਾਲ ਤਾਂ ਨਹੀਂ ਚੁੱਕਿਆ ਜਾ ਸਕਦਾ, ਪਰ ਇਸ ਪਸੰਦ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ।

ਇੱਕ ਕਾਰਨ ਇਹ ਹੋ ਸਕਦਾ ਹੈ ਕਿ ਬਚਪਨ ਵਿੱਚ ਇਨਸਾਫ਼ ਨਾਲ ਛੁਰੀ ਨੂੰ ਲੈ ਕੇ ਕੋਈ ਘਟਨਾ ਵਾਪਰੀ ਹੋਵੇ। ਕਿਸੇ ਨੇ ਛੁਰੀ ਦਿਖਾ ਕੇ ਡਰਾਇਆ ਹੋਵੇ ਅਤੇ ਉਹ ਡਰ ਮਨ ਵਿੱਚ ਬੈਠ ਗਿਆ ਹੋਵੇ। ਇਸ ਲਈ ਹੋ ਸਕਦਾ ਹੈ ਕਿ ਛੁਰੀ ਦਾ ਜ਼ਿਕਰ ਹੁੰਦਿਆਂ ਹੀ ਇਨਸਾਫ਼ ਦੇ ਦਿਲ ਵਿੱਚ ਹਲਚਲ ਸ਼ੁਰੂ ਹੋ ਜਾਂਦੀ ਹੋਵੇ।

ਇਹ ਵੀ ਹੋ ਸਕਦਾ ਹੈ ਕਿ ਛੁਰੀ-ਤਲਵਾਰ ਲਈ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਅਤੇ ਇਸੇ ਕਰਕੇ ਅੱਜਕੱਲ੍ਹ ਮੁਲਕ ਵਿੱਚ ਕਈ ਜਥੇ ਤਲਵਾਰਾਂ ਲੈ ਕੇ ਸੜਕਾਂ ’ਤੇ ਘੁੰਮਦੇ ਨਜ਼ਰ ਆਉਂਦੇ ਹਨ। ਇਸ ਕਾਰਨ ਤਲਵਾਰ ਦਾ ਰੁਤਬਾ ਵੀ ਕੁਝ ਘਟ ਗਿਆ ਹੈ।

ਦੂਜੇ ਪਾਸੇ, ਪਿਸਤੌਲ ਲਈ ਲਾਇਸੈਂਸ ਚਾਹੀਦਾ ਹੈ, ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਸ ਲਈ ਪਿਸਤੌਲ ਦਾ ਆਪਣਾ ਹੀ ਰੁਤਬਾ ਹੈ।

ਮੇਰੇ ਖ਼ਿਆਲ ਵਿੱਚ ਇੱਕ ਹੋਰ ਮਹੱਤਵਪੂਰਨ ਕਾਰਨ ਇਹ ਹੋ ਸਕਦਾ ਹੈ ਕਿ ਇਨਸਾਫ਼ ਤਰੱਕੀਪਸੰਦ ਹੈ। ਇਸ ਲਈ ਉਸ ਦਾ ਮੰਨਣਾ ਹੈ ਕਿ ਹਿੰਸਾ ਦੇ ਤਰੀਕੇ ਵੀ ਆਧੁਨਿਕ ਹੋਣੇ ਚਾਹੀਦੇ ਹਨ। ਸਮਾਜਕ ਹਿੰਸਾ ਦੇ ਤਰੀਕਿਆਂ ਵਿੱਚ ਸਾਨੂੰ ਛੁਰੀਆਂ ਅਤੇ ਤਲਵਾਰਾਂ ਤੋਂ ਅੱਗੇ ਵਧ ਜਾਣਾ ਚਾਹੀਦਾ ਹੈ!

ਹੁਣ ਜਦੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਇਨਸਾਫ਼ ਨੂੰ ਗੋਲੀ ਪਸੰਦ ਹੈ, ਤਾਂ ਮੇਰਾ ਖ਼ਿਆਲ ਹੈ ਕਿ ਅਦਾਲਤਾਂ ਨੂੰ ਇਹ ਗੱਲ ਸਰਕਾਰੀ ਤੌਰ ’ਤੇ ਪੂਰੇ ਮੁਲਕ ਨੂੰ ਦੱਸ ਦੇਣੀ ਚਾਹੀਦੀ ਹੈ।

ਇਸ ਨਾਲ ਲੋਕ ਬੇਵਜ੍ਹਾ ਛੁਰੀਆਂ ਅਤੇ ਤਲਵਾਰਾਂ ’ਤੇ ਆਪਣਾ ਸਮਾਂ ਤੇ ਊਰਜਾ ਬਰਬਾਦ ਨਹੀਂ ਕਰਨਗੇ। ਜੇ ਇੱਕੋ ਪਸੰਦ ਦੇ ਹਥਿਆਰ ਵਰਤੇ ਜਾਣਗੇ ਤਾਂ ਮੁਕਾਬਲਾ ਵੀ ਬਰਾਬਰੀ ਦਾ ਹੋਵੇਗਾ।

ਅੱਜ ਜਦੋਂ ਧਰਮ ਨਾਲ ਗੱਦਾਰੀ ਅਤੇ ਮੁਲਕ ਨਾਲ ਗੱਦਾਰੀ ਨੂੰ ਬਰਾਬਰ ਦੇ ਜੁਰਮ ਮੰਨਿਆ ਜਾ ਰਿਹਾ ਹੈ, ਤਾਂ ਇਹ ਗੱਲ ਸਾਫ਼-ਸਾਫ਼ ਦੱਸਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

(ਪ੍ਰਸ਼ਾਂਤ ਮਾਥੁਰ ਇਸ਼ਤਿਹਾਰਬਾਜ਼ੀ ਅਤੇ ਮਾਰਕੀਟਿੰਗ ਦੇ ਕਾਰੋਬਾਰ ਨਾਲ ਜੁੜੇ ਰਹੇ ਹਨ। ਹੁਣ ਉਹ ਇੱਕ ਅਜਿਹੀ ਸਿਖਲਾਈ ਕੰਪਨੀ ਚਲਾ ਰਹੇ ਹਨ, ਜੋ ਵਿਸ਼ਲੇਸ਼ਣ ਅਤੇ ਮਸ਼ੀਨੀ ਬੁੱਧੀ ਦੇ ਖੇਤਰ ਵਿੱਚ ਕੰਮ ਕਰਦੀ ਹੈ।)

'ਦ ਵਾਇਰ' ਤੋਂ ਧੰਨਵਾਦ ਸਹਿਤ

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia