ਖ਼ਬਰਾਂ

ਅਮਰੀਕਾ ਨਾਲ ਵਪਾਰ ਸਮਝੌਤੇ ਦਾ ਕਿਸਾਨ ਡਟਵਾਂ ਵਿਰੋਧ ਕਰਨਗੇ

AD

21 Sept 2026 · 6 min read

ਗਿਆਨ ਸੈਦਪੁਰੀ

‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਸ਼ਹੀਦ ਭਗਤ ਸਿੰਘ ਐਡੀਟੋਰੀਅਮ’ ਵਿਖੇ ਐਤਵਾਰ ਹੋਈ ਵਿਸ਼ਾਲ ‘ਕਿਸਾਨ-ਮਜ਼ਦੂਰ ਏਕਤਾ ਰੈਲੀ’ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਹਜ਼ਾਰਾਂ ਲੋਕ ਲਾਲ, ਹਰੇ ਝੰਡਿਆਂ ਨਾਲ ਜੋਸ਼ੀਲਾ ਨਾਹਰੇ ਮਾਰਦੇ ਸ਼ਾਮਲ ਹੋਏ। ਉਦਘਾਟਨੀ ਝੰਡਾ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਤੇ ਉਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਲਹਿਰਾਇਆ।ਰੈਲੀ ਦਾ ਮੁੱਖ ਨਾਹਰਾ ਸੀ, ‘ਖੇਤ-ਖੇਤੀ-ਆਜ਼ਾਦੀ ਬਚਾਓ, ਕਾਰਪੋਰੇਟ ਲੁੱਟ ਦਾ ਰਾਜ ਮਿਟਾਓ।’

ਰੈਲੀ ਨੂੰ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੌਮੀ ਜਨਰਲ ਸਕੱਤਰ ਰਾਜਾ ਰਾਮ ਸਿੰਘ ਮੈਂਬਰ ਲੋਕ ਸਭਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਕੁਲ ਹਿੰਦ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਜਲੰਧਰ ਦੇ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਆਲ ਇੰਡੀਆ ਐਗਰੀਕਲਚਰ ਐਂਡ ਰੂਰਲ ਲੇਬਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਧੀਰੇਂਦਰ ਝਾਅ, ਮੱਧ ਪ੍ਰਦੇਸ਼ ਦੇ ਚਰਚਿਤ ਕਿਸਾਨ ਆਗੂ ਤੇ ਸਾਬਕਾ ਵਿਧਾਇਕ ਡਾਕਟਰ ਸੁਨੀਲਮ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਨੇ ਸੰਬੋਧਨ ਕੀਤਾ। ਰਾਜਾ ਰਾਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੈਨੇਜ਼ੁਏਲਾ ਉਤੇ ਕਬਜ਼ੇ, ਗਾਜ਼ਾ ਤੇ ਈਰਾਨ ਉਤੇ ਹਮਲੇ ਜ਼ਰੀਏ ਅਮਰੀਕੀ ਸਾਮਰਾਜ ਸੰਸਾਰ ਭਰ ਦੇ ਕੁਦਰਤੀ ਸਰੋਤਾਂ ਅਤੇ ਉਪਜਾਊ ਜ਼ਮੀਨਾਂ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਬੇਸ਼ੱਕ ਮੁਕਤ ਵਪਾਰ ਸਮਝੌਤਾ ਰਾਹੀਂ ਮੋਦੀ ਸਰਕਾਰ ਟਰੰਪ ਪ੍ਰਸ਼ਾਸਨ ਅੱਗੇ ਗੋਡੇ ਟੇਕ ਚੁੱਕੀ ਹੈ, ਪਰ ਦੇਸ਼ ਦੇ ਕਿਸਾਨ ਤੇ ਮਜ਼ਦੂਰ ਇਨ੍ਹਾਂ ਕੋਸ਼ਿਸ਼ਾਂ ਦਾ ਡਟ ਕੇ ਵਿਰੋਧ ਕਰਨਗੇ।ਜਿਥੇ ਕਿਸਾਨ ਆਪਣੀਆਂ ਫ਼ਸਲਾਂ ਲਈ ਸੀ 2+50% ਐੱਮ ਐੱਸ ਪੀ ਲਈ ਜੱਦੋ-ਜਹਿਦ ਕਰ ਰਹੇ ਹਨ, ਉਥੇ ਉਪਜਾਊ ਜ਼ਮੀਨਾਂ ਨੂੰ ਵੱਡੇ ਪੈਮਾਨੇ ‘ਤੇ ਐਕੁਆਇਰ ਕਰਕੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਸੰਕਟ ਖੜ੍ਹਾ ਕਰਨ ਅਤੇ ਕਾਰਪੋਰੇਟ ਉਦਯੋਗਾਂ ਵੱਲੋਂ ਦੇਸ਼ ਦੇ ਹਵਾ, ਪਾਣੀ ਤੇ ਜ਼ਮੀਨ ਨੂੰ ਪ੍ਰਦੂਸ਼ਤ ਕਰਨ ਤੇ ਵਾਤਾਵਰਨ ਨੂੰ ਬਰਬਾਦ ਕਰਨ ਦੇ ਖਿਲਾਫ ਵੀ ਲੜ ਰਹੇ ਹਨ।ਇੰਝ ਕਿਸਾਨ ਸਿਰਫ਼ ਆਪਣੇ ਲਈ ਨਹੀਂ ਪੂਰੀ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਲੜ ਰਹੇ ਹਨ।ਕਿਸਾਨ ਜਥੇਬੰਦੀਆਂ ਦੀ ਜਲੰਧਰ ਵਿੱਚ ਹੋਈ ਇਹ ਏਕਤਾ ਦੇਸ਼ ਭਰ ਦੇ ਕਿਸਾਨ ਅੰਦੋਲਨ ਨੂੰ ਉਤਸ਼ਾਹਤ ਕਰੇਗੀ।

ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਪੰਜਾਬ ਦੇ ਦੋ ਪ੍ਰਮੁੱਖ ਕਿਸਾਨ ਸੰਗਠਨਾਂ “ਜਮਹੂਰੀ ਕਿਸਾਨ ਸਭਾ ਪੰਜਾਬ ਤੇ “ਪੰਜਾਬ ਕਿਸਾਨ ਯੂਨੀਅਨ” ਵਲੋਂ ਇਕਜੁੱਟ ਹੋਣ ‘ਤੇ “ਕੁੱਲ ਹਿੰਦ ਕਿਸਾਨ ਮਹਾਂ ਸਭਾ” ਦਾ ਅੰਗ ਬਣਨ ਦੇ ਇਤਿਹਾਸਕ ਵਰਤਾਰੇ ਨਾਲ ਕਾਰਪੋਰੇਟ ਪ੍ਰਸਤ ਫਿਰਕੂ-ਫਾਸ਼ੀ ਮੋਦੀ ਸਰਕਾਰ ਖ਼ਿਲਾਫ਼ ਕਿਸਾਨ ਘੋਲ ਤੇ ਜਨ-ਅੰਦੋਲਨ ਨੂੰ ਨਵੀਂ ਗਤੀ ਮਿਲੇਗੀ।ਉਨ੍ਹਾ ਕਿਹਾ ਕਿ ਫਿਰਕੂ-ਫਾਸ਼ੀ, ਤਾਨਾਸ਼ਾਹ ਭਾਜਪਾ ਸਰਕਾਰ ਖ਼ਿਲਾਫ਼ ਜਨਤਕ ਅੰਦੋਲਨਾਂ ਦੀ ਇਕ ਲੜੀ ਹੈ, ਜੋ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਸ਼ਾਹੀਨ ਬਾਗ਼ ਮੋਰਚੇ, ਤਿੰਨ ਖੇਤੀ ਬਿੱਲਾਂ ਖਿਲਾਫ ਦਿੱਲੀ ਦੇ ਜੇਤੂ ਕਿਸਾਨ ਘੋਲ ਤੇ ਹੁਣ ਪੇਪਰ ਲੀਕ ਘਪਲੇ ਖ਼ਿਲਾਫ਼ ਦੇਸ਼ ਵਿਆਪੀ ਜੈੱਨ-ਜ਼ੀ ਘੋਲ ਦੇ ਰੂਪ ‘ਚ ਸਾਹਮਣੇ ਆਈ ਹੈ।ਇਹ ਅੰਦੋਲਨ ਇਕ-ਦੂਜੇ ਦੇ ਗੁਣ-ਦੋਸ਼ਾਂ ਤੋਂ ਸਿੱਖਦੇ ਹੋਏ ਅੱਗੇ ਵਧਦੇ ਹਨ ਤੇ ਦੇਸ਼ ‘ਚ ਫਿਰਕੂ-ਫਾਸ਼ੀ ਤਾਨਾਸ਼ਾਹੀ ਖਿਲਾਫ ਲੋਕ-ਲਾਮਬੰਦੀ ਕਰਦਿਆਂ ਲੋਕ-ਰਾਜ ਮਜ਼ਬੂਤ ਕਰ ਰਹੇ ਹਨ।ਆਜ਼ਾਦੀ ਸੰਗਰਾਮ ਦੀ ਰੀੜ੍ਹ ਦੀ ਹੱਡੀ ਬਣੇ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਦੀ ਅਜੋਕੀ ਪੀੜ੍ਹੀ ਦਾ ਬੁਨਿਆਦੀ ਕਾਰਜ ਦੇਸ਼ ਨੂੰ ਫਾਸ਼ੀਵਾਦ ਤੋਂ ਮੁਕਤ ਕਰਨਾ ਹੈ।ਉਨ੍ਹਾ ਕਿਹਾ ਕਿ ਟਰੰਪ ਵੱਲੋਂ ਥੋਪਿਆ ਟੈਰਿਫ ਹੋਵੇ ਜਾਂ ਮੋਦੀ ਵੱਲੋਂ ਯੂ ਪੀ ਆਈ ‘ਤੇ ਲਾਇਆ ਨਵਾਂ ਟੈਕਸ, ਸਭ ਦਾ ਬੋਝ ਅੰਤ ਦੇਸ਼ ਦੀ ਆਮ ਜਨਤਾ ‘ਤੇ ਪੈਣਾ ਹੈ।ਨਿੱਤ ਵਧਦੀ ਮਹਿੰਗਾਈ ਨਾਲ ਲੋਕਾਂ ਨੂੰ ਬੇਹਾਲ ਕਰ ਰਹੀ ਮੋਦੀ ਸਰਕਾਰ ਦਾ ਚੋਣ ਕਮਿਸ਼ਨ ਐੱਸ ਆਈ ਆਰ ਦੇ ਨਾਂਅ ‘ਤੇ ਨਾਗਰਿਕਾਂ ਨੂੰ ਵੋਟ ਦੇ ਹੱਕ ਤੋਂ ਵਾਂਝੇ ਕਰ ਰਿਹਾ ਹੈ।ਭੱਟਾਚਾਰੀਆ ਨੇ ਕਿਹਾ ਕਿ ਪੰਜਾਬ ‘ਚ ਨਸ਼ੇ, ਭ੍ਰਿਸ਼ਟਾਚਾਰ, ਗੁੰਡਾਗਰਦੀ, ਪੁਲਸ ਜਬਰ, ਝੂਠੇ ਮੁਕਾਬਲੇ ਵਧ ਰਹੇ ਹਨ, ਜਦਕਿ ਸੂਬੇ ਨੂੰ ਲੋਕ ਪੱਖੀ ਵਿਕਾਸ ਦੇ ਰਾਹ ‘ਤੇ ਪਾਉਣ ਦੀ ਥਾਂ ਆਪ ਸਰਕਾਰ ਦਾ ਸਾਰਾ ਜ਼ੋਰ ਪ੍ਰਚਾਰ ਤੇ ਲੋਕ ਲੁਭਾਊ ਸਕੀਮਾਂ ‘ਤੇ ਲੱਗਾ ਹੋਇਆ ਹੈ। ਨਤੀਜਾ, ਪੰਜਾਬ ਕਰਜ਼ੇ ਦੇ ਮਾਰੂ ਜਾਲ ‘ਚ ਉਲਝਾ ਦਿੱਤਾ ਗਿਆ ਹੈ।ਉਨ੍ਹਾ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕੀਮਤ ‘ਤੇ ਭਾਜਪਾ ਨੂੰ ਮੂੰਹ ਨਾ ਲਾਉਣ ਤੇ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ, ਸਕੀਮ ਵਰਕਰਾਂ, ਮੁਲਾਜ਼ਮਾਂ ਤੇ ਛੋਟੇ ਦੁਕਾਨਦਾਰਾਂ ਦੀ ਬਿਹਤਰੀ ਲਈ ਜੱਦੋਜਹਿਦ ਕਰ ਰਹੀ ਖੱਬੀ ਧਿਰ ਦਾ ਸਾਥ ਦੇਣ।

ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਈਆਂ ਕਿਸਾਨ ਸੰਗਠਨਾਂ ਦੇ ਏਕੇ ਦੀਆਂ ਤਰੰਗਾਂ ਦੇਸ਼ ਭਰ ‘ਚ ਪੁੱਜ ਕੇ ਦੇਸ਼ ਦੇ ਕਿਸਾਨ-ਮਜ਼ਦੂਰ ਸੰਗਠਨਾਂ ਨੂੰ ਇਕਜੁੱਟ ਹੋਣ ਲਈ ਪ੍ਰੇਰਿਤ ਕਰਨਗੀਆਂ।ਸੰਘ-ਭਾਜਪਾ ਦੀ ਕਿਰਤੀ-ਕਿਸਾਨਾਂ, ਦਲਿਤਾਂ, ਘੱਟ ਗਿਣਤੀਆਂ, ਲੋਕ-ਰਾਜ ਤੇ ਫੈਡਰਲਿਜ਼ਮ ਵਿਰੋਧੀ ਵਿਚਾਰਧਾਰਾ ਨੂੰ ਭਾਂਜ ਦੇਣ ਤੇ ਇਨ੍ਹਾਂ ਦੀ ਹਕੂਮਤ ਨੂੰ ਸੱਤਾ ਤੋਂ ਲਾਹੁਣ ਲਈ ਦੇਸ਼ ਦੀਆਂ ਇਨਕਲਾਬੀ, ਜਮਹੂਰੀ ਤੇ ਦੇਸ਼ ਭਗਤ ਤਾਕਤਾਂ ਦੀ ਵਿਆਪਕ ਏਕਤਾ ਸਮੇਂ ਦੀ ਪਹਿਲੀ ਸ਼ਰਤ ਹੈ।ਉਨ੍ਹਾ ਕਿਹਾ ਕਿ ਬਦਲਾਅ ਦੇ ਨਾਹਰੇ ਨਾਲ ਸੱਤਾ ‘ਚ ਆਈ ਮਾਨ ਸਰਕਾਰ ਦੇ ਰਾਜ ‘ ‘ਚ ਸਰਕਾਰੀ ਦਫ਼ਤਰਾਂ ‘ਚ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਦਕਰ ਦੀਆਂ ਤਸਵੀਰਾਂ ਲਾਉਣ ਤੋਂ ਇਲਾਵਾ ਕਿਧਰੇ ਵੀ ਕੋਈ ਸਾਰਥਕ ਬਦਲਾਅ ਨਜ਼ਰ ਨਹੀਂ ਆਉਂਦਾ।ਇਹ ਸਰਕਾਰ ਆਰਥਿਕ ਮੋਰਚੇ ੇ ਅਤੇ ਪੁਲਸ ਤੇ ਨੌਕਰਸ਼ਾਹੀ ਨੂੰ ਨੱਥ ਪਾਉਣ ਪੱਖੋਂ ਮੁਕੰਮਲ ਫੇਲ੍ਹ ਸਾਬਤ ਹੋਈ ਹੈ ਅਤੇ ਪਿਛਲੀਆਂ ਸਰਕਾਰਾਂ ਵਾਂਗ ਲੋਕਾਂ ਦੇ ਹੱਕੀ ਘੋਲਾਂ ਨੂੰ ਕੁਚਲਣ ਲਈ ਪੁਲਸ ‘ਤੇ ਟੇਕ ਰੱਖ ਰਹੀ ਹੈ। ਸਮੇਂ ਦੀ ਮੰਗ ਹੈ ਕਿ ਪੰਜਾਬ ਵਾਸੀ ਭਾਜਪਾ ਦੇ ਝੂਠੇ ਦਾਅਵਿਆਂ ਨੂੰ ਦੋ ਟੁੱਕ ਰੱਦ ਕਰਦਿਆਂ ਚੋਣਾਂ ‘ਚ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਖ਼ਾਤਰ ਸਮਝੌਤਾ ਹੀਣ ਘੋਲ ਲੜ ਰਹੇ ਸੱਚੇ-ਸੁੱਚੇ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜਣ।

ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅੱਜ ਇਤਿਹਾਸਕ ਸਥਾਨ ਵਿਖੇ ਦੋ ਕਿਸਾਨ ਜਥੇਬੰਦੀਆਂ ਦੇ ਰਲੇਵੇਂ ਦਾ ਇਤਿਹਾਸਕ ਫੈਸਲਾ ਅਮਲ ਵਿੱਚ ਆਇਆ ਹੈ। ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਦਾ ਰੁਝਾਨ ਏਕਤਾ ਵੱਲ ਵਧਿਆ ਹੈ। ਇਹ ਉਤਸ਼ਾਹਜਨਕ ਵਰਤਾਰਾ ਹੈ। ਨਿਹਾਲਗੜ੍ਹ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਦੇਸ਼ ਵਿੱਚ ਫਾਸ਼ਿਸਟ ਰਾਜ ਚੱਲ ਰਿਹਾ ਹੈ। ਇਸ ਵਿੱਚ ਹਰ ਕਿਸਮ ਦਾ ਅੱਤਿਆਚਾਰ ਵਧਿਆ ਹੈ। ਕਾਰਪੋਰੇਟਾਂ ਨੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਲਹੂ ਚੂਸਣ ਵਿੱਚ ਕੋਈ ਕਸਰ ਨਹੀਂ ਛੱਡੀ।

ਕਿਸਾਨ ਆਗੂ ਨੇ ਬਿਜਲੀ ਸੋਧ ਬਿੱਲ ਅਤੇ ਅਜਿਹੇ ਹੋਰ ਬਿੱਲਾਂ ਦਾ ਸਖ਼ਤ ਵਿਰੋਧ ਕਰਨ ਦਾ ਸੱਦਾ ਦਿੱਤਾ। ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅੱਜ ਦੇ ਕਿਸਾਨ ਜਥੇਬੰਦੀਆਂ ਦੇ ਏਕੇ ਮੌਕੇ ਉਹ ਨਵਾਂ ਜ਼ਮਾਨਾ ਵੱਲੋਂ ਮੁਬਾਰਕ ਦੇਣ ਆਏ ਹਨ। ਉਮੀਦ ਹੈ ਕਿ ਖੱਬੀਆਂ ਧਿਰਾਂ ਏਕੇ ਵੱਲ ਹੋਰ ਅੱਗੇ ਵਧਣਗੀਆਂ। ਇਹ ਸਮੇਂ ਦੀ ਅਣਸਰਦੀ ਲੋੜ ਵੀ ਹੈ। ਮਾੜੀਮੇਘਾ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਲੜਿਆ ਤੇ ਜਿੱਤਿਆ ਸੰਘਰਸ਼ ਆਪਣੀ ਮਿਸਾਲ ਆਪ ਹੈ। ਇਸ ਨੇ ਨਵੀਂਆਂ ਪੈੜਾਂ ਪਾਈਆਂ ਹਨ। ਕਾਲੇ ਦੌਰ ਦਾ ਜ਼ਿਕਰ ਕਰਦਿਆਂ ਮਾੜੀਮੇਘਾ ਨੇ ਕਿਹਾ ਕਿ ਉਨ੍ਹਾਂ ਵੇਲਿਆਂ ਵਿੱਚ ਵੀ ਲਾਲ ਝੰਡੇ ਵਾਲਿਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ। ਰੈਲੀ ਦਾ ਮੰਚ ਸੰਚਾਲਨ ਪ੍ਰਸ਼ੋਤਮ ਸ਼ਰਮਾ ਅਤੇ ਪ੍ਰਗਟ ਸਿੰਘ ਜਾਮਾਰਾਏ ਵਲੋਂ ਕੀਤਾ ਗਿਆ। ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਦੀ ਅਗਵਾਈ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਮੈਡੀਕਲ ਸਹਾਇਤਾ ਕੈਂਪ ਲਾਇਆ ਗਿਆ। ਇਸ ਮੌਕੇ ਸੁਆਗਤੀ ਕਮੇਟੀ ਦੇ ਚੇਅਰਮੈਨ ਕਾਹਨ ਸਿੰਘ ਪੰਨੂ, ਅਰਾ ਹਲਕੇ ਤੋਂ ਲੋਕ ਸਭਾ ਮੈਂਬਰ ਸੁਦਾਮਾ ਪ੍ਰਸ਼ਾਦ, ਏਕਟੂ ਦੇ ਜਨਰਲ ਸਕੱਤਰ ਰਾਜੀਵ ਡਿਮਰੀ, ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਸਰਬਜੀਤ ਸਿੰਘ, ਪੱਗੜੀ ਸੰਭਾਲ ਜੱਟਾ ਯੂਨੀਅਨ ਹਰਿਆਣਾ ਦੇ ਪ੍ਰਧਾਨ ਮਨਦੀਪ ਸਿੰਘ ਨੱਥਵਾਨ, ਸਤਿਆ ਸੋਧਕ ਕਿਸਾਨ ਸਭਾ ਮਹਾਰਾਸ਼ਟਰ ਦੇ ਪ੍ਰਧਾਨ ਕਿਸ਼ੋਰ ਧਮਾਲੇ, ਰਾਜਸਥਾਨ ਦੇ ਉੱਘੇ ਕਿਸਾਨ ਆਗੂ ਫੂਲ ਚੰਦ ਢੇਵਾ, ਭਰਾਤਰੀ ਕਿਸਾਨ ਆਗੂਆਂ ਵਜੋਂ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਬਿਹਾਰ ਦੇ ਸਾਬਕਾ ਵਿਧਾਇਕ ਸਤਿਆ ਦੇਵ ਰਾਮ, ਰਤਨ ਸਿੰਘ ਰੰਧਾਵਾ, ਸਾਬਕਾ ਵਿਧਾਇਕ ਤਰਸੇਮ ਜੋਧਾਂ ਵੀ ਮੌਜੂਦ ਸਨ। ਇਸ ਮੌਕੇ ਮੰਗਤ ਰਾਮ ਪਾਸਲਾ ਦੀ ਲਿਖੀ ਤੇ ਭਦੌੜ ਸੰਗੀਤ ਮੰਡਲੀ ਵੱਲੋਂ ਗਾਈ ਇਕ ਗ਼ਜ਼ਲ ਵੀ ਰਿਲੀਜ਼ ਕੀਤੀ ਗਈ।

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia