ਲੇਖ

ਬੱਬਰ ਅਕਾਲੀਆਂ ਦੀ ਸ਼ਹਾਦਤ ਦਾ ਸ਼ਤਾਬਦੀ ਵਰ੍ਹਾ 2026

13 Nov 2026 · 3 ਮਿੰਟ ਦਾ ਪਾਠ

ਸਾਡੇ ਦੇਸ਼ ’ਤੇ ਕਾਬਜ਼ ਬਰਤਾਨਵੀ ਸਾਮਰਾਜੀਆਂ ਨਾਲ ਪੂਰੇ ਸੌ ਵਰ੍ਹੇ ਪਹਿਲਾਂ ਸਿੱਧੇ ਮੱਥੇ ਟਕਰਾਉਣ ਵਾਲੇ ਯੋਧਿਆਂ ਦੀ ਕੁਰਬਾਨੀ ਦੀ ਗਾਥਾ ਬਹੁਤ ਲੰਮੀ, ਫ਼ਖ਼ਰਯੋਗ ਤੇ ਪ੍ਰੇਰਨਾਦਾਇਕ ਹੈ। ਗ਼ਦਰ ਲਹਿਰ ਤੋਂ ਬਾਅਦ ਇਸ ਧਰਤੀ ਉੱਤੇ ਗ਼ਦਰ ਦੀ ਗੂੰਜ ਨੂੰ ਬੁਲੰਦ ਕਰਨ ਵਾਲੀ ਬੱਬਰ ਅਕਾਲੀ ਲਹਿਰ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਪੁੱਟਣ ਤੁਰੇ ਚੱਕਰਵਰਤੀ ਜਥਿਆਂ ਨੇ ਜਥੇਬੰਦ ਕਰ ਕੇ ਰੱਖੀ ਸੀ। ਅੰਗਰੇਜ਼ੀ ਸਾਮਰਾਜ ਨੂੰ ਵਖਤ ਪਾਉਣ ਵਾਲੀ ਅਤੇ ਪੁਲੀਸ ਟਾਊਟਾਂ ਤੇ ਸੂਦਖੋਰਾਂ ਨੂੰ ਮਾਰ ਕੇ ਬਦਲਾ ਲੈਣ ਵਾਲੀ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਨੂੰ ਭਾਰੀ ਪੁਲੀਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀਆਂ ਸ਼ਹਾਦਤਾਂ ਦਾ ਸ਼ਤਾਬਦੀ ਵਰ੍ਹਾ 2026 ਉਸ ਮਹਾਨ ਇਤਿਹਾਸ ਦਾ ਚਾਨਣ ਸਾਡੇ ਸਾਹਮਣੇ ਬਿਖੇਰਦਾ ਹੈ, ਜਿਸ ਦੀ ਗਾਥਾ 1921 ਤੋਂ 1930 ਅਤੇ 1931 ਤੋਂ 1944 ਦੇ ਸਮੇਂ ਦੌਰਾਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਲਿਖੀ ਗਈ। ਗ਼ਦਰ ਲਹਿਰ ’ਚੋਂ ਗੁੜ੍ਹਤੀ ਲੈ ਕੇ ਉੱਠੀ ਅਤੇ ਅੰਤਲੇ ਵਰ੍ਹਿਆਂ ਵਿੱਚ ਕਿਰਤੀ ਕਿਸਾਨ ਲਹਿਰ ਨਾਲ ਜਾ ਜੁੜੀ ਬੱਬਰ ਅਕਾਲੀ ਲਹਿਰ ਨੂੰ ਉਚਿਆਉਣ ਦਾ ਅਰਥ ਅਜੋਕੇ ਦੌਰ ਵਿੱਚ ਸਾਮਰਾਜ ਵਿਰੋਧੀ ਲੋਕ ਲਹਿਰ ਨੂੰ ਪ੍ਰਚੰਡ ਕਰਨਾ ਹੈ।

1913-1915 ਦੇ ਵਰ੍ਹੇ ਗ਼ਦਰ ਲਹਿਰ ਲਈ ਡਾਢੀ ਪ੍ਰੀਖਿਆ ਦੇ ਸਾਲ ਸਨ। ਵਿਦੇਸ਼ੀ ਧਰਤੀਆਂ ਦੇ ਮੋਹ ਤਿਆਗ ਕੇ ਅਤੇ ਨਿੱਜੀ ਸੁਖ-ਆਰਾਮ ਨੂੰ ਤਿਲਾਂਜਲੀ ਦੇ ਕੇ ਆਪਣੇ ਵਤਨ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਨਿਜਾਤ ਦਿਵਾਉਣ ਆਏ ਗ਼ਦਰੀਆਂ ਦੀਆਂ ਕੋਸ਼ਿਸ਼ਾਂ ਨੂੰ ਅੰਗਰੇਜ਼ ਹਕੂਮਤ ਨੇ ਅਨੇਕਾਂ ਜ਼ੁਲਮ ਕਰ ਕੇ ਪਸਤ ਕਰ ਦਿੱਤਾ ਸੀ। ਉਨ੍ਹਾਂ ਸਮਿਆਂ ਵਿੱਚ ਬੱਬਰ ਅਕਾਲੀਆਂ ਦੇ ਐਲਾਨ “ਸਾਡੇ ਅੰਬਾਂ ਦਿਆਂ ਬਾਗ਼ਾਂ ਨੂੰ ਠੇਕੇ ਉੱਤੇ ਚਾੜ੍ਹਨ ਵਾਲੇ ਅਤੇ ਬੋਲੀਆਂ ਕਰਨ ਵਾਲੇ ਇਹ ਅੰਗਰੇਜ਼ ਕੌਣ ਹੁੰਦੇ ਹਨ?” ਨੇ ਅੰਗਰੇਜ਼ਾਂ ਦੇ ਕਾਲਜੇ ਹੌਲ ਪਾਏ ਸਨ।

ਇਸ ਲਹਿਰ ਸਮੇਂ 27 ਫਰਵਰੀ 1926 ਨੂੰ ਛੇ ਬੱਬਰਾਂ ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਫਾਂਸੀ ਲਾਇਆ ਗਿਆ ਸੀ। ਇਹ ਛੇ ਬੱਬਰ ਸਨ: ਕਿਸ਼ਨ ਸਿੰਘ ਗੜਗੱਜ (ਪਿੰਡ ਬਿਣਗਾ ਨੇੜੇ ਜਲੰਧਰ ਛਾਉਣੀ), ਨੰਦ ਸਿੰਘ ਘੁੜਿਆਲ (ਹੁਸ਼ਿਆਰਪੁਰ), ਸੰਤ ਸਿੰਘ ਹਰਿਓਂ ਖੁਰਦ (ਲੁਧਿਆਣਾ), ਦਲੀਪ ਸਿੰਘ ਧਾਮੀਆਂ (ਹੁਸ਼ਿਆਰਪੁਰ) ਅਤੇ ਕਰਮ ਸਿੰਘ ਮਾਣਕੇ (ਜਲੰਧਰ)। ਇਨ੍ਹਾਂ ਬੱਬਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਾਰਿਸਾਂ ਹਵਾਲੇ ਕਰਨ ਦੀ ਥਾਂ ਅੰਗਰੇਜ਼ਾਂ ਨੇ ਲਾਹੌਰ ਤੋਂ ਸੱਤ ਕਿਲੋਮੀਟਰ ਦੂਰ ਰਾਵੀ ਦੇ ਕੰਢੇ ਸਥਿਤ ਰਾਮੂ ਦੇ ਬਾਗ਼ ਵਿੱਚ ਇੱਕੋ ਚਿਖਾ ਵਿੱਚ ਰੱਖ ਕੇ ਅੰਤਿਮ ਸੰਸਕਾਰ ਕਰ ਦਿੱਤਾ ਸੀ।

ਅਗਲੇ ਵਰ੍ਹੇ ਇਸੇ ਹੀ ਦਿਨ ਭਾਵ 27 ਫਰਵਰੀ 1927 ਨੂੰ ਲਾਹੌਰ ਸੈਂਟਰਲ ਜੇਲ੍ਹ ਦੇ ਅੰਦਰ ਤਿੰਨ-ਤਿੰਨ ਬੱਬਰਾਂ ਦੇ ਜੁੱਟ ਬਣਾ ਕੇ ਛੇ ਹੋਰ ਬੱਬਰਾਂ ਨੂੰ ਫਾਂਸੀ ਉੱਤੇ ਲਟਕਾਇਆ ਗਿਆ ਸੀ। ਇਨ੍ਹਾਂ ਵਿੱਚ ਨਿੱਕਾ ਸਿੰਘ ਪਿੰਡ ਗਿੱਲ (ਲੁਧਿਆਣਾ), ਮੁਕੰਦ ਸਿੰਘ ਜਵੱਦੀ ਕਲਾਂ (ਲੁਧਿਆਣਾ), ਬੰਤਾ ਸਿੰਘ (ਲੁਧਿਆਣਾ), ਸੁੰਦਰ ਸਿੰਘ ਲਹੁਕਾ (ਅੰਮ੍ਰਿਤਸਰ), ਗੁੱਜਰ ਸਿੰਘ ਢੈਪਈ (ਲੁਧਿਆਣਾ) ਅਤੇ ਨਿੱਕਾ ਸਿੰਘ ਆਲੂਵਾਲ (ਅੰਮ੍ਰਿਤਸਰ) ਸ਼ਾਮਿਲ ਸਨ। ਇਨ੍ਹਾਂ ਛੇ ਬੱਬਰਾਂ ਦਾ ਸਸਕਾਰ ਵੀ ਰਾਵੀ ਦਰਿਆ ਦੇ ਕੰਢੇ ਰਾਮੂ ਦੇ ਬਾਗ਼ ਵਿੱਚ ਕੀਤਾ ਗਿਆ ਸੀ। ਅਨੇਕਾਂ ਬੱਬਰ ਅਕਾਲੀਆਂ ਨੂੰ ਕਾਲੇਪਾਣੀਆਂ ’ਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ, ਜਿੱਥੇ ਸਿਰੇ ਦੇ ਅਣਮਨੁੱਖੀ ਜਬਰ ਨੂੰ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕੀਤਾ।

‘ਹੋਲੀ ਵਾਲੇ ਦਿਨ ਖ਼ੂਨ ਦੇ ਛਿੱਟੇ’ ਨਾਂ ਦੇ ਆਪਣੇ ਲੇਖ ਵਿੱਚ ਸ਼ਹੀਦ ਭਗਤ ਸਿੰਘ ਨੇ ਦੇਸ਼ਭਗਤੀ ਦਾ ਇਸ ਲਹਿਰ ਦੀਆਂ ਕੁਰਬਾਨੀਆਂ ਅਤੇ ਉਸ ਸਮੇਂ ਦੇ ਇਤਿਹਾਸ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ। ਇਤਿਹਾਸ ਵਿੱਚ ਦਰਜ ਹੈ ਕਿ ਇਸ ਲਹਿਰ ਨੇ ਬੇਹੱਦ ਮਹੱਤਵਪੂਰਨ ਸਾਹਿਤ ਦੀ ਸਿਰਜਣਾ ਕੀਤੀ ਹੈ। ਬੱਬਰ ਅਕਾਲੀ ਲਹਿਰ ਦੀਆਂ ਸਰਗਰਮੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ‘ਬੱਬਰ ਅਕਾਲੀ ਦੁਆਬਾ’ ਜਿਹੇ ਅਖ਼ਬਾਰ ਕੱਢ ਕੇ ਲੋਕ ਚੇਤਨਾ ਨੂੰ ਜਰਬਾਂ ਦੇਣ ਦਾ ਕਾਰਜ ਇਸ ਲਹਿਰ ਨੇ ਕੀਤਾ ਹੈ। ਇਸ ਅਖ਼ਬਾਰ ਦੇ ਟਾਈਟਲ ਉੱਤੇ ਇਹ ਸਤਰਾਂ ਦਰਜ ਹੁੰਦੀਆਂ ਸਨ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥

ਊਧੋ ਪੰਡਿਤ, ਮੁਸਲਮਾਨ ਭਾਈਚਾਰੇ ਤੋਂ ਫ਼ਕੀਰੀਆ, ਸਵਾਮੀ ਪੂਰਨਾਨੰਦ ਅਤੇ ਜੀਵਾ ਘੁਮਿਆਰ ਦਾ ਇਸ ਲਹਿਰ ਵਿੱਚ ਸ਼ਾਮਿਲ ਹੋਣਾ ਇਹ ਸਾਬਿਤ ਕਰਦਾ ਹੈ ਕਿ ਇਹ ਲਹਿਰ ਸਰਬ ਸਾਂਝੀ, ਧਰਮ-ਨਿਰਪੱਖ, ਜਮਹੂਰੀ ਅਤੇ ਜਾਤ-ਪਾਤੀ ਤੁਅੱਸਬਾਂ ਤੋਂ ਪੂਰੀ ਤਰ੍ਹਾਂ ਮੁਕਤ ਸੀ। ਜਿਨ੍ਹਾਂ ਪਿੰਡਾਂ ਵਿੱਚੋਂ ਉੱਠ ਕੇ ਇਨ੍ਹਾਂ ਸ਼ਹੀਦਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਨ੍ਹਾਂ ਪਿੰਡਾਂ ਦੀ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਇਨ੍ਹਾਂ ਮਹਾਨ ਜਿੰਦਾਂ ਬਾਰੇ ਗਿਆਨ ਨਹੀਂ ਹੈ। ਇਨ੍ਹਾਂ ਯੋਧਿਆਂ ਦੇ ਪੈੜ-ਚਿੰਨ੍ਹ ਇਨ੍ਹਾਂ ਪਿੰਡਾਂ ਵਿੱਚ ਧੁੰਦਲੇ ਪੈ ਗਏ ਹਨ।

ਉਂਝ ਤਾਂ ਪੰਜਾਬ ਇਸ ਸਮੇਂ ਜਿਹੋ-ਜਿਹੀ ਤ੍ਰਾਸਦੀ ਵਿੱਚੋਂ ਗੁਜ਼ਰ ਰਿਹਾ ਹੈ, ਉੱਥੇ ਇਨ੍ਹਾਂ ਮਹਾਨ ਯੋਧਿਆਂ ਦਾ ਦਿਖਾਇਆ ਰਾਹ ਹੀ ਜ਼ਾਮਨ ਬਣੇਗਾ ਕਿ ਇੱਕ ਵਾਰ ਫਿਰ ਸਾਮਰਾਜ ਦੀ ਨਵ-ਬਸਤੀ ਬਣ ਰਹੇ ਇਸ ਮੁਲਕ ਨੂੰ ਬਚਾਉਣ ਲਈ ਬੱਬਰ ਅਕਾਲੀਆਂ ਵਾਂਗ ਕਮਰਕੱਸੇ ਕੀਤੇ ਜਾਣ। ਬੱਬਰ ਅਕਾਲੀ ਲਹਿਰ ਦੀ ਮਹਾਨ ਵਿਰਾਸਤ ਨੂੰ ਆਪਣੇ ਲੋਕਾਂ ਤੱਕ ਲਿਜਾਣ ਲਈ ਇਸ ਵਾਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦਾ ਗ਼ਦਰੀ ਮੇਲਾ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia